ਵੋਟਰਾਂ ਨੂੰ ਜਾਗਰੂਕ ਕਰਨ 'ਚ ਹੁਸ਼ਿਆਰਪੁਰ ਨੂੰ ਮਿਲਿਆ ਸੂਬੇ ਵਿਚੇਂ ਪਹਿਲਾ ਸਥਾਨ
- ਸਵੀਪ ਪ੍ਰੋਗਰਾਮ ਵਿਚ ਰਾਜ ਪੱਧਰ 'ਤੇ ਗੱਡਿਆ ਝੰਡਾ
- ਪੋਲ ਪ੍ਰਤੀਸ਼ਤ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ : ਕੋਮਲ ਮਿੱਤਲ
- ਡਿਪਟੀ ਕਮਿਸ਼ਨਰ ਨੇ ਸਵੀਪ ਟੀਮ ਨੂੰ ਦਿੱਤੀ ਮੁਬਾਰਕਬਾਦ
ਹੁਸ਼ਿਆਰਪੁਰ, 11 ਮਈ 2024 - ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਲੋਕ ਸਭਾ ਚੋਣਾਂ-2024 ਦੌਰਾਨ ਵੋਟ ਪੋਲ ਪ੍ਰਤੀਸ਼ਤ ਵਧਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਵਿਚ ਚਲਾਈ ਜਾ ਰਹੀ 'ਸਵੀਪ' ਮੁਹਿੰਮ ਦੀਆਂ ਸੁਚਾਰੂ ਅਤੇ ਯੋਜਨਾਬੱਧ ਢੰਗ ਨਾਲ ਗਤੀਵਿਧੀਆਂ ਕਰਵਾਉਣ ਲਈ ਰਾਜ ਪੱਧਰ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਇਸ ਪ੍ਰਾਪਤੀ ਲਈ ਜ਼ਿਲ੍ਹੇ ਦੀ ਸਮੁੱਚੀ ਸਵੀਪ ਵਧਾਈ ਦੀ ਪਾਤਰ ਹੈ।
ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ 16 ਤੋਂ 30 ਅਪ੍ਰੈਲ ਤੱਕ ਕਰਵਾਈਆਂ ਸਵੀਪ ਗਤੀਵਿਧੀਆਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੂਬੇ ਭਰ ਵਿਚੋਂ ਪਹਿਲਾ ਸਥਾਨ ਮਿਲਣਾ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਰੈਂਕਿੰਗ ਵਿਚ ਫਿਰੋਜ਼ਪੁਰ ਨੂੰ ਦੂਸਰਾ, ਐਸ.ਏ.ਐਸ ਨਗਰ ਨੂੰ ਤੀਸਰਾ, ਜਲੰਧਰ ਨੂੰ ਚੌਥਾ ਅਤੇ ਪਟਿਆਲਾ ਨੂੰ ਪੰਜਵਾਂ ਸਥਾਨ ਮਿਲਿਆ ਹੈ।
ਉਨ੍ਹਾਂ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਦਿਵਿਆ ਪੀ (ਆਈ.ਏ.ਐਸ), ਜ਼ਿਲ੍ਹਾ ਚੋਣ ਦਫਤਰ, ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ, ਸਹਾਇਕ ਸਵੀਪ ਨੋਡਲ ਅਫਸਰ ਅੰਕੁਰ ਸ਼ਰਮਾ ਅਤੇ ਸਮੁੱਚੀ ਸਵੀਪ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਵਿਚ ਪੋਲ ਪ੍ਰਤੀਸ਼ਤ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੀਮ ਦੀ ਲਗਨ ਅਤੇ ਮਿਹਨਤ ਸਦਕਾ ਜ਼ਿਲ੍ਹੇ ਨੂੰ ਪੂਰੇ ਪੰਜਾਬ ਵਿਚੋਂ ਇੰਨਾ ਵੱਡਾ ਮਾਣ ਪ੍ਰਾਪਤ ਹੋਇਆ ਹੈ ਅਤੇ ਇਸ ਲਈ ਇਹ ਸਾਰੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਵੀਪ ਟੀਮ ਵੱਲੋਂ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਵਿਲੱਖਣ ਢੰਗ ਨਾਲ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਵੀਪ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਲਈ ਨਿਵੇਕਲੇ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਵੀਪ ਦੀ ਸਮੁੱਚੀ ਟੀਮ ਦੀ ਅਣਥੱਕ ਮਿਹਨਤ ਦੀ ਬਦੌਲਤ ਰਾਜ ਪੱਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇਹ ਮਾਣ ਹਾਸਲ ਹੋਇਆ ਹੈ। ਉਹਨਾਂ ਜ਼ਿਲ੍ਹਾ ਲੋਕ ਸੰਪਰਕ ਦਫਤਰ ਹੁਸ਼ਿਆਰਪੁਰ। ਮੀਡੀਆ ਪਾਰਟਨਰ ਰੇਡੀਓ ਸਿਟੀ ਅਤੇ ਸਮੁੱਚੇ ਮੀਡੀਆ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਬਦੌਲਤ ਇਨ੍ਹਾਂ ਗਤੀਵਿਧੀਆਂ ਨੂੰ ਲੋਕਾਂ ਵਿਚ ਵੱਡੇ ਪੱਧਰ 'ਤੇ ਫ਼ੈਲਾਇਆ ਗਿਆ।
ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ 1 ਜੂਨ ਤੱਕ ਜਾਰੀ ਰਹਿਣਗੀਆਂ ਅਤੇ ਇਸ ਰੈਂਕਿੰਗ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਮਿਹਨਤ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਵੋਟਰਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ, ਉਨ੍ਹਾ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀ 1 ਜੂਨ ਨੂੰ ਬਿਨਾਂ ਕਿਸੇ ਡਰ, ਭੈਅ, ਲਾਲਚ ,ਧਰਮ ,ਵਰਗ ਜਾਤ ਤੋਂ ਉੱਪਰ ਉੱਠ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ।