ਭਾਜਪਾ ਦਾ ਸਾਥ ਦਿਓ 100 ਦਿਨਾਂ ਦੇ ਵਿੱਚ ਜੋ ਕੱਚੇ ਮਕਾਨ ਹਨ ਉਹ ਪੱਕੇ ਕੀਤੇ ਜਾਣਗੇ - ਸੰਧੂ ਸਮੁੰਦਰੀ
- ਸੁਸ਼ੀਲ ਦੇਵਗਨ ਅਤੇ ਬਲਵਿੰਦਰ ਕੌਰ ਵੱਲੋਂ ਆਯੋਜਿਤ ਪੈਦਲ ਰੋਡ ਸ਼ੋ ’ਚ ਸੰਧੂ ਸਮੁੰਦਰੀ ਨੇ ਹਿੱਸਾ ਲਿਆ
ਅਟਾਰੀ/ ਅੰਮ੍ਰਿਤਸਰ 12 ਮਈ 2024 - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਭਾਜਪਾ ਦਾ ਸਾਥ ਦਿਓ 100 ਦਿਨਾਂ ਦੇ ਵਿੱਚ ਜੋ ਕੱਚੇ ਘਰ ਹਨ ਉਹ ਪੱਕੇ ਕੀਤੇ ਜਾਣਗੇ। ਸੰਧੂ ਸਮੁੰਦਰੀ ਨੇ ਅੱਜ ਸ. ਸ਼ਾਮ ਸਿੰਘ ਅਟਾਰੀ ਦੇ ਇਤਿਹਾਸਿਕ ਨਗਰ ਛੋਟੀ ਅਟਾਰੀ ਵਿਖੇ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਸ਼ੀਲ ਦੇਵਗਨ ਅਤੇ ਹਲਕਾ ਇੰਚਾਰਜ ਬਲਵਿੰਦਰ ਕੌਰ ਵੱਲੋਂ ਆਯੋਜਿਤ ਪੈਦਲ ਰੋਡ ਸ਼ੋ ’ਚ ਹਿੱਸਾ ਲਿਆ। ਜਿੱਥੇ ਭਾਰੀ ਗਿਣਤੀ ਵਿੱਚ ਨੌਜਵਾਨਾਂ ਤੋਂ ਇਲਾਵਾ ਔਰਤਾਂ ਅਤੇ ਦਲਿਤ ਭਾਈਚਾਰੇ ਦੀ ਵਿਸ਼ੇਸ਼ ਸ਼ਮੂਲੀਅਤ ਰਹੀ। ਜੋ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ ਤੇ ਪਹੁੰਚਾ ਰਿਹਾ ਸੀ।
ਇਸ ਮੌਕੇ ਬਾਜ਼ਾਰ ਵਿੱਚ ਲੋਕਾਂ ਨੇ ਜਿੱਥੇ ਤਰਨਜੀਤ ਸਿੰਘ ਸਮੁੰਦਰੀ ਨੂੰ ਸਿਰੋਪਾਉ ਅਤੇ ਸਿਹਰਿਆਂ ਨਾਲ ਸਵਾਗਤ ਕੀਤਾ ਅਤੇ ਉਹਨਾਂ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸੇ ਦੌਰਾਨ ਤਰਨਜੀਤ ਸਿੰਘ ਸੰਧੂ ਨੇ ਸ. ਸ਼ਾਮ ਸਿੰਘ ਅਟਾਰੀ ਦੀ ਸਮਾਧ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਮਾਧ ਦਾ ਪਰਿਕਰਮਾ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੈਂ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਇਸ ਨਗਰ ਵਿੱਚ ਆਣ ਕੇ ਆਪਣੇ ਆਪ ਨੂੰ ਗੌਰਵ ਮਹਿਸੂਸ ਕਰ ਰਿਹਾ ਹਾਂ। ਉੱਥੇ ਹੀ ਇਹ ਬੜੇ ਦੁੱਖ ਦੀ ਗੱਲ ਹੈ ਕਿ ਮੈਨੂੰ ਇਸ ਚੋਣ ਪ੍ਰਚਾਰ ਦੌਰਾਨ ਇੱਕ ਭੈਣ ਨੇ ਇਹ ਦੱਸਿਆ ਕਿ ਉਸ ਦੇ ਦਸ ਪਰਿਵਾਰਕ ਮੈਂਬਰ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਹੀ ਹਾਲ ਅੰਮ੍ਰਿਤਸਰ ਦਾ ਵੀ ਹੈ ਸਾਨੂੰ ਨਸ਼ਿਆਂ ਦੇ ਖਿਲਾਫ ਦ੍ਰਿੜ੍ਹਤਾ ਨਾਲ ਲੜਨਾ ਹੋਵੇਗਾ ਤਾਂ ਹੀ ਅਸੀਂ ਨੌਜਵਾਨ ਪੀੜੀ ਨੂੰ ਬਚਾ ਸਕਾਂਗੇ।
ਇੱਥੇ ਹੀ ਸੰਧੂ ਸਮੁੰਦਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਮਹਿਕਮੇ ਵਿੱਚ ਆਊਟਸੋਰਸਿੰਗ ਮੁਲਾਜ਼ਮ ਰੱਖੇ ਹੋਏ ਹਨ। ਜਿੱਥੇ ਉਹਨਾਂ ਦੀ ਤਨਖ਼ਾਹ ਬਹੁਤ ਘੱਟ ਹੈ, ਉੱਥੇ ਹੀ ਪਿਛਲੇ ਇੱਕ ਸਾਲ ਤੋਂ ਉਹਨਾਂ ਨੂੰ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ ਹਨ। ਇਹ ਜੋ ਸਮਾਜ ਦੀ ਸੇਵਾ ਕਰ ਰਹੇ ਹਨ ਜਿਵੇਂ ਕਿ ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰ, ਉਹਨਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਸੰਧੂ ਸਮੁੰਦਰੀ ਨੇ ਕਿਹਾ ਕਿ ਸਾਨੂੰ ਰਲ ਮਿਲ ਕੇ ਅੰਮ੍ਰਿਤਸਰ ਦੇ ਨਾਲ ਨਾਲ ਅਟਾਰੀ ਦਾ ਵੀ ਵਿਕਾਸ ਕਰਵਾ ਕੇ ਇਸ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੋਵੇਗਾ। ਇੱਥੋਂ ਸਰਹੱਦ ਪਾਰ ਨਾਲ ਵਪਾਰ ਅਤੇ ਹੋਰ ਮਸਲੇ ਹਨ ਉਹਨਾਂ ਨੂੰ ਹੱਲ ਕੀਤੇ ਜਾਣਗੇ । ਅਟਾਰੀ ਵਿਖੇ ਬਾਹਰੋਂ ਆਉਣ ਵਾਲੇ ਟੂਰਿਸਟਾਂ ਦੇ ਕਾਰਨ ਨਾ ਕੇਵਲ ਇਹ ਇਤਿਹਾਸਿਕ ਸ਼ਹਿਰ ਹੈ ਸਗੋਂ ਇਸ ਨੂੰ ਇੱਕ ਮਾਡਲ ਸ਼ਹਿਰ ਵਜੋਂ ਵੀ ਵਿਕਸਿਤ ਕੀਤੇ ਜਾਣ ਦੀ ਲੋੜ ਹੈ। ਇਥੇ ਹੋਟਲ ਅਤੇ ਐਗਰੋ ਬੇਸ ਸਨਅਤਾਂ ਲਗਾਈਆਂ ਜਾਣਗੀਆਂ । ਉਹਨਾਂ ਕਿਹਾ ਕਿ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਜੋ ਵਿਕਾਸ ਹੋਇਆ ਉਹ ਅੰਮ੍ਰਿਤਸਰ ਅਤੇ ਅਟਾਰੀ ਵਿੱਚ ਵੀ ਲਿਆਂਦਾ ਜਾਵੇਗਾ। ਜੋ ਇਥੇ ਵਿਕਾਸ ਕੰਮ ਨਹੀਂ ਹੋਇਆ ਉਹ ਇਸ ਵਾਰ ਕਰਾਏ ਜਾਣਗੇ ।
ਇਸ ਮੌਕੇ ਸੁਸ਼ੀਲ ਦੇਵਗਨ ਨੇ ਕਿਹਾ ਕਿ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਸਮੁੰਦਰੀ ਵਰਗਾ ਪੜ੍ਹਿਆ ਲਿਖਿਆ ਅਤੇ ਲਿਆਕਤ ਵਾਲਾ ਕਿਸੇ ਵੀ ਹੋਰ ਪਾਰਟੀ ’ਚ ਕੋਈ ਵੀ ਉਮੀਦਵਾਰ ਨਹੀਂ ਹੈ। ਉਨ੍ਹਾਂ ਵਿਕਾਸ ਲਈ ਸੰਧੂ ਨੂੰ ਸਮਰਥਨ ਦੇ ਕੇ ਕਮਲ ਦੇ ਫੁੱਲ ’ਤੇ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਭੁਪਿੰਦਰ ਸਿੰਘ ਰੰਧਾਵਾ, ਪ੍ਰੋ. ਸਰਚਾਂਦ ਸਿੰਘ, ਪ੍ਰਮੋਦ ਦੇਵਗਨ, ਵਿਜੈ ਵਰਮਾ, ਜਤਿੰਦਰ ਕੁਮਾਰ, ਕਸ਼ਮੀਰ ਸਿੰਘ ਸਰਪੰਚ, ਚਰਨਜੀਤ ਕੌਰ , ਗੁਰਚਰਨ ਸਿੰਘ, ਮੁਰਾਦ ਪਾਲ ਸਿੰਘ, ਪਲਵਿੰਦਰ ਸਿੰਘ, ਮਲਕੀਤ ਸਿੰਘ,ਜੌਨੀ, ਪਾਲਾ ਸਿੰਘ, ਸੋਨੂ ਸੋਹਲ, ਮਨਦੀਪ ਸਿੰਘ, ਰਜੇਸ਼ ਭੋਲਾ, ਰਵੇਲ ਸਿੰਘ ਰੋੜਾਂਵਾਲੀ ਅਤੇ ਸ਼ੇਰਾ ਸਿੰਘ ਰੋੜਾਂਵਾਲੀ ਵੀ ਮੌਜੂਦ ਸਨ।