ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ
- ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉੱਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ 10 ਗਾਰੰਟੀਆਂ ਜਾਰੀ
ਦਲਜੀਤ ਕੌਰ
ਧੂਰੀ (ਸੰਗਰੂਰ), 12 ਮਈ, 2024: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉਤੇ ਪੰਜਾਬ ਤੇ ਦਿੱਲੀ ਦੀ ਤਰਜ਼ ਉਤੇ ਕੇਂਦਰ ਵਿੱਚ ਵੀ ਗਾਰੰਟੀਆਂ ਪੂਰੀਆਂ ਕਰੇਗੀ।
ਧੂਰੀ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਅੱਜ ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉੱਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ 10 ਗਾਰੰਟੀਆਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਉਵੇਂ ਹੀ ਪੂਰਾ ਕੀਤਾ ਜਾਵੇਗਾ ਜਿਵੇਂ ਦਿੱਲੀ ਅਤੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਕੀਤਾ ਗਿਆ।
ਮੀਤ ਹੇਅਰ ਨੇ ਦੱਸਿਆ ਕਿ ਪਹਿਲੀ ਗਾਰੰਟੀ ਵਿੱਚ ਵਿੱਚ ਦੇਸ਼ ਭਰ ਵਿੱਚ 24 ਘੰਟੇ ਬਿਜਲੀ ਦੇਣੀ ਅਤੇ ਗਰੀਬਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ।ਦੂਜੀ ਗਾਰੰਟੀ ਵਿੱਚ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣਾ ਹੈ, ਤੀਜੀ ਗਾਰੰਟੀ ਵਿੱਚ ਸਾਰਿਆਂ ਨੂੰ ਸਸਤਾ ਤੇ ਬਿਹਤਰ ਇਲਾਜ ਦੇਣਾ ਅਤੇ ਹਰ ਜ਼ਿਲ੍ਹੇ ਵਿੱਚ ਮੁਹੱਲਾ ਕਲੀਨਿਕ ਖੋਲ੍ਹਣਾ, ਚੌਥੀ ਗਾਰੰਟੀ ਵਿੱਚ ਰਾਸ਼ਟਰ ਸੁਰੱਖਿਆ ਦੀ ਹੈ ਜਿਸ ਵਿੱਚ ਚੀਨ ਦਾ ਦਖਲ ਰੋਕਣਾ, ਪੰਜਵੀਂ ਗਾਰੰਟੀ ਵਿੱਚ ਅਗਨੀਵੀਰ ਯੋਜਨਾ ਬੰਦ ਕਰ ਕੇ ਫੌਜ ਵਿੱਚ ਪੱਕੀ ਨੌਕਰੀ ਸ਼ੁਰੂ ਕਰਨਾ, ਛੇਵੀਂ ਗਾਰੰਟੀ ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤਹਿਤ ਫਸਲ ਦਾ ਪੂਰਾ ਪੈਸਾ ਦੇਣਾ, ਸੱਤਵੀਂ ਗਾਰੰਟੀ ਬੇਰੁਜ਼ਗਾਰੀ ਨੂੰ ਦੂਰ ਕਰਨ ਉਤੇ ਜੰਗੀ ਪੱਧਰ ਉਤੇ ਕੰਮ ਕਰਨਾ, ਅੱਠਵੀਂ ਗਾਰੰਟੀ ਵਿੱਚ ਭਾਜਪਾ ਦੀ ਤਾਨਾਸ਼ਾਹੀ ਰੋਕਣਾ, ਨੌਵੀਂ ਗਾਰੰਟੀ ਵਿੱਚ ਦਿੱਲੀ ਨੂੰ ਮੁਕੰਮਲ ਸੂਬਾ ਬਣਾਉਣਾ ਅਤੇ ਦਸਵੀਂ ਗਾਰੰਟੀ ਵਿੱਚ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਜੀਐਸਟੀ ਨੂੰ ਪੀਐਮਐਲਏ ਤੋਂ ਬਾਹਰ ਕਰਨਾ।