ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਤਾਨਾਸ਼ਾਹੀ ਖ਼ਿਲਾਫ਼ ਵੋਟ ਪਾਉਣ ਦੀ ਕੀਤੀ ਅਪੀਲ
ਫੁੱਲਾਂ ਦੀ ਵਰਖਾ ਵਿਚ ਅੱਖ ਜ਼ਖ਼ਮੀ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ- ਮੇਰੀ ਫ਼ਿਕਰ ਨਾ ਕਰੋ, ਸਿਰਫ਼ ਪੰਜਾਬ ਬਾਰੇ ਸੋਚੋ
ਅਸੀਂ ਤੁਹਾਡੇ ਵਰਗੇ ਹਾਂ ਅਤੇ ਤੁਹਾਡੇ ਨਾਲ ਹਾਂ, ਅਸੀਂ ਤੁਹਾਡੀ ਹਰ ਵੋਟ ਦੀ ਕਦਰ ਕਰਦੇ ਹਾਂ, 'ਰਾਜਵਾੜੇ' ਸਿਆਸਤਦਾਨਾਂ ਨੂੰ ਤੁਹਾਡੇ ਵੱਲੋਂ ਪਾਈ ਵੋਟ ਬਰਬਾਦ ਹੈ: ਸੀਐਮ ਮਾਨ
ਧਰੁਵੀਕਰਨ ਵਿਰੁੱਧ ਵੋਟ ਕਰੋ, ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਦਿਓ, ਮੁੱਖ ਮੰਤਰੀ ਭਗਵੰਤ ਮਾਨ ਨੇ ਅਨੰਦਪੁਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਕੀਤੀ ਅਪੀਲ
ਮਲਵਿੰਦਰ ਕੰਗ ਨੇ ਨਵਾਂਸ਼ਹਿਰ ਦੇ ਲੋਕਾਂ ਦੇ ਭਰਵੇਂ ਸਮਰਥਨ ਲਈ ਕੀਤਾ ਧੰਨਵਾਦ
ਚੰਡੀਗੜ੍ਹ/ਨਵਾਂਸ਼ਹਿਰ, 13 ਮਈ 2024- ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਨਵਾਂਸ਼ਹਿਰ 'ਚ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ। ਸੀਐਮ ਭਗਵੰਤ ਮਾਨ ਨੇ 'ਆਪ' ਉਮੀਦਵਾਰ ਮਲਵਿੰਦਰ ਸਿੰਘ ਕੰਗ,ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ 'ਆਪ' ਵਿਧਾਇਕ ਦਿਨੇਸ਼ ਚੱਢਾ ਦੇ ਨਾਲ ਨਵਾਂਸ਼ਹਿਰ 'ਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਵੋਟਰਾਂ ਨੂੰ ਤਾਨਾਸ਼ਾਹੀ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਵਾਂਗ ਹਾਂ ਅਤੇ ਹਮੇਸ਼ਾ ਤੁਹਾਡੇ ਨਾਲ ਹਾਂ। ਅਸੀਂ ਤੁਹਾਡੀਆਂ ਵੋਟਾਂ ਦੀ ਕਦਰ ਕਰਦੇ ਹਾਂ, ਪਰ ਜੇ ਤੁਸੀਂ 'ਰਾਜਵਾੜੇ' ਸਿਆਸਤਦਾਨਾਂ ਨੂੰ ਵੋਟ ਦਿੰਦੇ ਹੋ ਤਾਂ ਤੁਹਾਡੀਆਂ ਵੋਟਾਂ ਬਰਬਾਦ ਹੋ ਜਾਂਦੀਆਂ ਹਨ। ਕਿਉਂਕਿ ਉਹ ਵੋਟਾਂ ਲੈਣ ਤੋਂ ਬਾਅਦ ਲੋਕਾਂ ਕੋਲ ਨਹੀਂ ਆਉਂਦੇ, ਉਹ ਆਪਣੇ ਮਹਿਲਾਂ ਵਿੱਚ ਰਹਿੰਦੇ ਹਨ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਕੀਮਤ 'ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ।
ਭਗਵੰਤ ਮਾਨ ਨੇ ਵੋਟਰਾਂ ਨੂੰ ਕਿਹਾ ਕਿ ਉਹ ਆਪਣੀ ਵੋਟ 'ਝਾੜੂ' ਨੂੰ ਦੇਣ, ਅਰਵਿੰਦ ਕੇਜਰੀਵਾਲ ਨੂੰ ਦੇਣ ਜੋ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੇ ਹਨ। ਮਲਵਿੰਦਰ ਕੰਗ ਨੂੰ ਵੋਟ ਦਿਓ ਜੋ ਸੰਸਦ 'ਚ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬਣਨਗੇ। ਉਨ੍ਹਾਂ ਵੋਟਰਾਂ ਨੂੰ ਤਾਨਾਸ਼ਾਹੀ ਅਤੇ ਧਰੁਵੀਕਰਨ ਵਿਰੁੱਧ ਵੋਟ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਡੇ ਲੋਕਤੰਤਰ, ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਵੋਟ ਦਿਓ।
ਰੋਡ ਸ਼ੋਅ ਦੌਰਾਨ ਫੁੱਲਾਂ ਦੀ ਵਰਖਾ ਕਰਦੇ ਹੋਏ ਭਗਵੰਤ ਮਾਨ ਦੀ ਅੱਖ 'ਤੇ ਸੱਟ ਲੱਗ ਗਈ ਤਾਂ ਭਗਵੰਤ ਮਾਨ ਨੇ ਕਿਹਾ ਕਿ ਉਹ ਧਨ ਹਨ। ਉਨ੍ਹਾਂ ਕਿਹਾ ਕਿ ਦੂਜਿਆਂ ਪਾਰਟੀਆਂ ਦੇ ਜ਼ਿਆਦਾਤਰ ਸਿਆਸਤਦਾਨਾਂ ਨੂੰ ਚੱਪਲਾਂ ਮਿਲਦੀਆਂ ਹਨ,ਪਰੰਤੂ ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਤੇ ਫੁੱਲਾਂ ਦੀ ਵਰਖਾ ਹੁੰਦੀ ਹੈ। ਅੱਖ ਉੱਤੇ ਚੋਟ ਲੱਗਣ ਤੇ ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਮੇਰੀ ਚਿੰਤਾ ਨਾ ਕਰਨ ਆਪਣੀ ਚਿੰਤਾ ਨਾ ਕਰਨ, ਸਿਰਫ਼ ਪੰਜਾਬ ਬਾਰੇ ਹੀ ਸੋਚਣ। ਉਨ੍ਹਾਂ ਕਿਹਾ ਕਿ ਉਹ ਬਾਅਦ ਵਿੱਚ ਅੱਖਾਂ ਦੀ ਜਾਂਚ ਕਰਵਾਉਣਗੇ। ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਨਵਾਂਸ਼ਹਿਰ ਤੋਂ ਪਹਿਲਾਂ ਸੀਐਮ ਮਾਨ ਨੇ ਮਲਵਿੰਦਰ ਕੰਗ ਲਈ ਖਰੜ ਅਤੇ ਰੋਪੜ ਵਿੱਚ ਦੋ ਰੋਡ ਸ਼ੋਅ ਕੀਤੇ ਸਨ ਜਿੱਥੇ ਉਨ੍ਹਾਂ ਨੂੰ ਲੋਕਾਂ ਵੱਲੋਂ ਅਜਿਹਾ ਹੀ ਸਮਰਥਨ ਮਿਲਿਆ ਸੀ। ਅਨੰਦਪੁਰ ਸਾਹਿਬ ਵਿੱਚ ਮਲਵਿੰਦਰ ਕੰਗ ਸਭ ਤੋਂ ਮਜ਼ਬੂਤ ਉਮੀਦਵਾਰ ਜਾਪਦੇ ਹਨ, ਉਹ ਜਿੱਥੇ ਵੀ ਚੋਣ ਪ੍ਰਚਾਰ ਲਈ ਜਾ ਰਹੇ ਹਨ, ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਾਰਟੀ ਕੋਲ ਇਸ ਲੋਕ ਸਭਾ ਹਲਕੇ ਤੋਂ ਦੋ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਅਤੇ ਅਨਮੋਲ ਗਗਨ ਮਾਨ (ਖਰੜ) ਹਨ, ਜਿਨ੍ਹਾਂ ਕੋਲ ਮਾਨ ਸਰਕਾਰ ਵਿੱਚ ਅਹਿਮ ਵਿਭਾਗ ਹਨ।
ਇਸ ਮੌਕੇ 'ਆਪ' ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਨਵਾਂਸ਼ਹਿਰ ਦੇ ਲੋਕਾਂ ਵੱਲੋਂ ਦਿੱਤੇ ਭਰਵੇਂ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੀਐਮ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੂੰ ਇਹ ਸੀਟ ਜਿਤਾ ਕੇ ਦੇਣਗੇ। ਕੰਗ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਵੋਟਾਂ 'ਆਪ' ਨੂੰ ਮਿਲਣਾ ਪੰਜਾਬ ਦੀ 'ਆਪ' ਸਰਕਾਰ ਦੇ ਦੋ ਸਾਲਾਂ ਦੇ ਕੰਮਾਂ 'ਤੇ ਮੋਹਰ ਹੋਵੇਗੀ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਇਸ ਇਤਿਹਾਸਕ ਹਲਕੇ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ।