ਲੋਕਾਂ ਦੀ ਤਾਕਤ ਹੀ ਮੈਨੂੰ ਸੰਸਦ ਵਿੱਚ ਪਹੁੰਚਾਏਗੀ - ਡਾ: ਗਾਂਧੀ
- ਕਿਹਾ, ਮੋਦੀ ਸਰਕਾਰ ਦੇਸ਼ ਦੇ ਭਾਈਚਾਰੇ ਲਈ ਖ਼ਤਰਾ
ਡੇਰਾਬੱਸੀ, 14 ਮਈ 2024 - ਜਿਸਦੇ ਦਿਲ 'ਚ ਜਮਹੂਰੀਅਤ, ਧਰਮ ਨਿਰਪੱਖਤਾ,ਨਿਆਂ, ਇਨਸਾਫ਼ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਧੜਕਦੀਆਂ ਹਨ,ਉਸ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨ-ਮਜ਼ਦੂਰ, ਲੋਕ ਅਤੇ ਦੇਸ਼ ਵਿਰੋਧੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲਈ ਕੰਮ ਕਰੇ। ਇਹ ਵਿਚਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਹਲਕਾ ਡੇਰਾਬੱਸੀ ਦੇ ਪਿੰਡ ਕਾਰਕੌਰ, ਭਾਂਖਰਪੁਰ, ਹਰੀ ਪੁਰ ਹਿੰਦੂਆਂ, ਸਮਗੋਲੀ, ਮੀਰਪੁਰ, ਮੁਬਾਰਿਕਪੁਰ, ਗੁਲਾਬਗੜ੍ਹ ਦਾ ਦੌਰਾ ਕਰਦਿਆਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਇਹ ਪ੍ਰੋਗਰਾਮ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵਲੋਂ ਕਰਵਾਏ ਗਏ। ਡਾ ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਸਭ ਪਾਸਿਉਂ ਵੱਡੇ ਪੱਧਰ ਉੱਤੇ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਇਸ ਲੜਾਈ ਨੂੰ ਮੁਲਕ ਦੇ ਸੁਨਹਿਰੇ ਭਵਿੱਖ ਲਈ ਲੜ ਰਹੇ ਹਨ ਕਿਉਂਕਿ ਜਮਹੂਰੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਭਾਈਚਾਰੇ ਲਈ ਖ਼ਤਰਾ ਹੈ। ਇਹ ਸਰਕਾਰ ਦੇਸ਼ ਨੂੰ ਅਗਾਂਹ ਤੋਰਨ ਦੀ ਬਜਾਏ ਪਿੱਛੇ ਨੂੰ ਲਿਜਾ ਰਹੀ ਹੈ ਅਤੇ ਲੋਕਾਂ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੀ ਹੈ। ਇਸਤੋਂ ਇਲਾਵਾ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਪੰਜਾਬ ਸਿਰ ਲਗਾਤਾਰ ਕਰਜ਼ਾ ਚੜ੍ਹਾ ਰਹੀ ਹੈ। ਡਾਕਟਰ ਗਾਂਧੀ ਨੇ ਕਿਹਾ ਕਿ ਉਹ ਪਟਿਆਲਾ ਸਮੇਤ ਸਮੁੱਚੇ ਪੰਜਾਬ ਲਈ ਕੰਮ ਕਰਨ ਵਾਸਤੇ ਪ੍ਰਤੀਬੱਧ ਹਨ।
ਲੋਕਾਂ ਦੀ ਤਾਕਤ ਹੀ ਮੈਨੂੰ ਸੰਸਦ ਵਿੱਚ ਪਹੁੰਚਾਏਗੀ ਅਤੇ ਜਿੱਤ ਕੇ ਹਲ਼ਕੇ ਲਈ ਰਿਕਾਰਡ ਤੋੜ ਪ੍ਰਾਜੈਕਟ ਲਿਆਵਾਂਗੇ।
ਸਿਹਤ ਅਤੇ ਸਿੱਖਿਆ ਦਾ ਖ਼ੇਤਰ ਉਹਨਾਂ ਦੀ ਵਿਸ਼ੇਸ਼ ਤਰਜੀਹ ਰਹੇਗਾ। ਉਹਨਾਂ ਕਿਸਾਨਾਂ-ਮਜ਼ਦੂਰਾਂ, ਔਰਤਾਂ,ਨੌਜਵਾਨਾਂ,ਵਪਾਰੀ ਅਤੇ ਦੁਕਾਨਦਾਰ ਤਬਕੇ ਸਮੇਤ ਸਭ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟ ਕਰਨ ਲਈ ਕਿਹਾ ਤਾਂ ਜੋ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕੇ। ਉਹਨਾਂ ਦੱਸਿਆ ਕਿ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਅਸੀਂ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ। ਜਦਕਿ ਭਾਜਪਾ ਅਤੇ ਆਪ ਦਾ ਕਿਸਾਨਾਂ ਪ੍ਰਤੀ ਰਵਈਆ ਦੁਸ਼ਮਣਾਂ ਵਾਲਾ ਰਿਹਾ ਹੈ ਅਤੇ ਇਹ ਦੋਵੇਂ ਪਾਰਟੀਆਂ ਕਿਸਾਨਾਂ ਨਾਲ਼ ਵਾਅਦੇ ਕਰਕੇ ਮੁੱਕਰੀਆਂ ਹਨ। ਉਹਨਾਂ ਨੇ ਕਿਹਾ ਕਿ ਮੋਦੀ ਨੇ ਅੰਬਾਨੀ, ਅਡਾਨੀ ਦਾ ਕਰਜ਼ ਮਾਫ਼ ਕੀਤਾ ਹੈ ਪਰ ਕਾਂਗਰਸ ਪਾਰਟੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇਗੀ।
ਇਸ ਮੌਕੇ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਇਹ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇੱਕ ਇਤਿਹਾਸਕ ਚੋਣ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੱਥ ਮਿਲਾਉਣਾ ਹੋਵੇਗਾ। ਉਹਨਾਂ ਡਾ ਗਾਂਧੀ ਨੂੰ ਹਲਕਾ ਡੇਰਾਬੱਸੀ ਚੋਂ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਸੁੱਖਾ ਕਾਰਕੌਰ, ਸਰਪੰਚ ਅਮਲਾਲਾ ਬਲਿਹਾਰ ਸਿੰਘ ਬੱਲੀ, ਬਲਾਕ ਸੰਮਤੀ ਮੈਂਬਰ ਛੱਜਾ ਸਿੰਘ, ਨੰਬਰਦਾਰ ਗੁਲਬਾਗ ਸਿੰਘ ਭਾਂਖਰਪੁਰ, ਗੁਰਜੀਤ ਸਿੰਘ ਬਿੱਲਾ, ਪਰਵਿੰਦਰ ਸਿੰਘ ਰਿੰਕਾ, ਭੁਪਿੰਦਰ ਸਿੰਘ ਸੈਣੀ, ਲਖਵਿੰਦਰ ਸਿੰਘ ਮੋਰਠੀਕਰੀ, ਰਾਜਬੀਰ ਸਿੰਘ, ਗੁਲਜ਼ਾਰ ਸਿੰਘ, ਬੁੱਧ ਰਾਮ ਧੀਮਾਨ, ਕੇਵਲ ਸਿੰਘ, ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਗਿਆਨ ਸਿੰਘ ਹਰੀਪੁਰ ਹਿੰਦੂਆਂ, ਰਾਜ ਕੁਮਾਰ, ਪ੍ਰਧਾਨ ਕਰਨੈਲ, ਸਰਪੰਚ ਜੁਗਿੰਦਰ ਸਿੰਘ ਸਮਗੋਲੀ, ਵਾਇਸ ਚੈਅਰਮੈਨ ਕੁਲਵੰਤ ਸਿੰਘ, ਟੋਨੀ ਰਾਣਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਹਾਜਰ ਸਨ।