ਰਵਨੀਤ ਬਿੱਟੂ ਨੇ ਤੀਜੀ ਵਾਰ ਮੋਦੀ ਸਰਕਾਰ ਬਣਨ ਦਾ ਕੀਤਾ ਦਾਅਵਾ
- ਭਾਜਪਾ ਵੱਲੋਂ ਕੀਤੇ ਲੋਕ ਭਲਾਈ ਅਤੇ ਵਿਕਾਸ ਦੇ ਕੰਮਾਂ ਦੇ ਚੱਲਦਿਆਂ ਦੇਸ਼ ਵਾਸੀਆਂ ਦਾ ਵਿਸ਼ਵਾਸ ਭਾਜਪਾ ‘ਤੇ ਵਧੀਆ : ਰਵਨੀਤ ਬਿੱਟੂ
ਲੁਧਿਆਣਾ, 14 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੇ ਕੱਲ ਬਹਾਦੁਰ ਕੇ ਵਿਖੇ ਮੀਟਿੰਗ ਨੂੰ ਸੰਬੋਧਨ ਕੀਤਾ, ਜਿੱਥੇ ਉਹਨਾਂ ਨੂੰ ਵੱਡਾ ਲੋਕਾਂ ਦਾ ਸਮਰਥਨ ਮਿਲਿਆ, ਇਸ ਮੌਕੇ ਉਹਨਾਂ ਨਾਲ ਅਦਾਕਾਰ ਹੌਬੀ ਧਾਲੀਵਾਲ ਤੋਂ ਇਲਾਵਾ ਵੱਖ-ਵੱਖ ਆਗੂ ਹਾਜ਼ਰ ਸਨ।
ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਦਾ ਇਕੱਠ ਦੇਖ ਕੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਵਾਰ ਲੁਧਿਆਣਵੀ ਭਾਜਪਾ ਦੇ ਹੱਕ ‘ਚ ਇੱਕ ਪਾਸਾ ਕਰਨਗੇ ਤੇ ਭਾਜਪਾ ਲੁਧਿਆਣਾ ਸੀਟ ਤੋਂ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ ਕਿਉਂਕਿ ਪਿਛਲੇ ਦਸ ਸਾਲਾਂ ‘ਚ ਭਾਜਪਾ ਵੱਲੋਂ ਕੀਤੇ ਲੋਕ ਭਲਾਈ ਅਤੇ ਵਿਕਾਸ ਦੇ ਕੰਮਾਂ ਦੇ ਚੱਲਦਿਆਂ ਦੇਸ਼ ਵਾਸੀਆਂ ਦਾ ਵਿਸ਼ਵਾਸ ਭਾਜਪਾ ‘ਤੇ ਵਧੀਆ ਹੈ। ਉਹਨਾਂ ਕਿਹਾ ਇਸ ਦੇ ਨਾਲ ਮਜ਼ਬੂਤ ਵਿਦੇਸ਼ੀ ਨੀਤੀ ਨਾਲ ਭਾਰਤ ਨੇ ਪੂਰੀ ਦੁਨੀਆ ‘ਚ ਆਪਣਾ ਲੋਹਾ ਮਨਵਾਇਆ ਹੈ, ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਹੀ ਹੋ ਸਕਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਗੱਲ ਸਰਕਾਰ ਬਣਾਉਣ ਦੀ ਨਹੀਂ ਬਲਕਿ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਦੀ ਹੈ, ਜਿਸ ਤਰੀਕੇ ਨਾਲ ਅਕਾਲੀ ਦਲ, ਕਾਂਗਰਸ ਅਤੇ ਹੁਣ ਆਪ ਸਰਕਾਰ ਦੀਆਂ ਮਾੜੀਆਂ ਨੀਤੀਆਂ ਪੰਜਾਬ ਲਗਾਤਾਰ ਦੂਜੇ ਰਾਜਾਂ ਨਾਲੋਂ ਪਿਛੜਦਾ ਜਾ ਰਿਹਾ ਹੈ, ਇਸ ਲਈ ਅੱਜ ਲੋੜ ਹੈ ਪੰਜਾਬ ‘ਚ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਅੱਜ ਪੰਜਾਬ ਕੋਲ ਸਿਵਾਏ ਕਰਜ਼ੇ ਦੇ ਕੁਝ ਵੀ ਨਹੀਂ। ਰਵਨੀਤ ਬਿੱਟੂ ਨੇ ਹਾਜ਼ਰ ਵੱਡੇ ਇਕੱਠ ਨੂੰ ਭਾਜਪਾ ਦੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਸੂਬਾ ਸਰਕਾਰ ਪੰਜਾਬ ਨੂੰ ਕਰਜ਼ੇ ‘ਚੋਂ ਕੱਢਣ ਦੀ ਬਜਾਏ ਪੰਜਾਬ ਨੂੰ ਹੋਰ ਵੀ ਜ਼ਿਆਦਾ ਡੋਬ ਰਹੀ ਹੈ, ਅਜਿਹੇ ‘ਚ ਸਾਨੂੰ ਕੇਂਦਰ ‘ਚ ਤੀਜੀ ਵਾਰ ਬਣਨ ਜਾ ਰਹੀ ਭਾਜਪਾ ਸਰਕਾਰ ਨਾਲ ਚੱਲਣਾ ਪਵੇਗਾ ਤਾਂ ਹੀ ਪੰਜਾਬ ਜਿੱਥੇ ਕਰਜ਼ੇ ‘ਚੋਂ ਬਾਹਰ ਨਿੱਕਲੇਗਾ, ਉਥੇ ਪੰਜਾਬ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋਵੇਗਾ।