ਸੰਗਰੂਰ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ: ਮੀਤ ਹੇਅਰ
ਦਲਜੀਤ ਕੌਰ
ਸੰਗਰੂਰ, 14 ਮਈ , 2024: ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਅਤੇ ਆਉਣ ਵਾਲੇ ਦਿਨਾਂ ਵਿੱਚ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸੰਗਰੂਰ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦਿਆਂ, ਸਮੁੱਚੀ ਪਾਰਟੀ ਲੀਡਰਸ਼ਿਪ ਦੀ ਮੀਟਿੰਗ ਹੋਈ।
ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਸੰਗਰੂਰ ਨਾਲ ਜੁੜਿਆ ਹਰ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ ਅਤੇ ਸੰਗਰੂਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਸੂਬੇ ਵਿੱਚ ਵੱਡੇ ਕੰਮ ਕੀਤੇ ਜਾ ਰਹੇ ਹਨ ਉਥੇ ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਵੱਧ ਤੋਂ ਵੱਧ ਆਪ ਉਮੀਦਵਾਰ ਜਿਤਾ ਕੇ ਭੇਜੇ ਜਾਣ ਤਾਂ ਜੋ ਕੇਂਦਰ ਤੋਂ ਰੁਕੇ ਫੰਡ ਜਾਰੀ ਕਰਵਾਏ ਜਾ ਸਕਣ।
ਮੀਟਿੰਗ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੀਤ ਹੇਅਰ ਨੂੰ ਜਿਤਾਉਣ ਲਈ ਪੂਰੇ ਹਲਕੇ ਦੀ ਲੀਡਰਸ਼ਿਪ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੀਤ ਹੇਅਰ ਨੇ ਕੈਬਨਿਟ ਮੰਤਰੀ ਵਜੋਂ ਖੇਡਾਂ, ਭਾਸ਼ਾਵਾਂ, ਜਲ ਸਰੋਤ, ਪ੍ਰਸ਼ਾਸਕੀ ਸੁਧਾਰ ਆਦਿ ਵਿਭਾਗਾਂ ਵਿੱਚ ਵੱਡੀ ਛਾਪ ਛੱਡੀ ਹੈ ਅਤੇ ਹੁਣ ਉਹ ਪਾਰਲੀਮੈਂਟ ਵਿੱਚ ਸੰਗਰੂਰ ਦੀ ਨੁਮਾਇੰਦਗੀ ਕਰਕੇ ਸਮੁੱਚੇ ਹਲਕੇ ਦਾ ਵਿਕਾਸ ਕਰਵਾਉਣਗੇ।
ਇਸ ਮੌਕੇ ਐਮ.ਐਲ.ਏਜ਼ ਜਮੀਲ ਉਰ ਰਹਿਮਾਨ, ਕੁਲਵੰਤ ਸਿੰਘ ਪੰਡੋਰੀ, ਨਰਿੰਦਰ ਕੌਰ ਭਰਾਜ ਤੇ ਬਰਿੰਦਰ ਕੁਮਾਰ ਗੋਇਲ ਨੇ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਹਲਕਿਆਂ ਵਿੱਚੋਂ ਆਪ ਨੂੰ ਵੱਡੀ ਲੀਡ ਮਿਲੇਗੀ। ਇਸ ਮੌਕੇ ਹਲਕੇ ਨਾਲ ਸਬੰਧਤ ਚੇਅਰਮੈਨ, ਪਾਰਟੀ ਵਿੰਗਾਂ ਦੇ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰ ਤੇ ਵਲੰਟੀਅਰ ਵੀ ਹਾਜ਼ਰ ਸੀ।