ਸੰਗਰੂਰ: ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ 15 ਨਾਮਜ਼ਦਗੀਆਂ ਦਾਖਲ
- ਕੁੱਲ 43 ਨਾਮਜ਼ਦਗੀ ਕਾਗਜ਼ ਦਾਖਲ, 15 ਮਈ ਨੂੰ ਸਵੇਰੇ 11 ਵਜੇ ਹੋਵੇਗੀ ਕਾਗਜ਼ਾਂ ਦੀ ਪੜਤਾਲ: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ
ਦਲਜੀਤ ਕੌਰ
ਸੰਗਰੂਰ, 14 ਮਈ, 2024: ਲੋਕ ਸਭਾ ਹਲਕਾ 12-ਸੰਗਰੂਰ ਵਿਖੇ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੰਤਿਮ ਦਿਨ ਅੱਜ ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਸ ਤੋਂ ਪਹਿਲਾਂ ਬੀਤੇ ਦਿਨ ਤੱਕ ਲੋਕ ਸਭਾ ਚੋਣਾਂ ਲਈ ਕੁੱਲ 28 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ ਜਿਸ ਕਾਰਨ ਅੱਜ ਅੰਤਿਮ ਦਿਨ ਇਹ ਗਿਣਤੀ 43 ਨਾਮਜ਼ਦਗੀ ਪੱਤਰਾਂ ’ਤੇ ਪੁੱਜ ਗਈ ਹੈ।
ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਸੰਗਰੂਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਅੰਤਿਮ ਦਿਨ ਪ੍ਰਦੀਪ ਕੁਮਾਰ ਵੱਲੋਂ ਅਪਨੀ ਏਕਤਾ ਪਾਰਟੀ ਦੇ ਉਮੀਦਵਾਰ ਵਜੋਂ 2 ਨਾਮਜ਼ਦਗੀ ਪੱਤਰ, ਬਲਵਿੰਦਰ ਸਿੰਘ ਸੇਖੋਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ, ਮਨਜੀਤ ਕੌਰ ਸੇਖੋਂ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਤੇਜਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ, ਚੰਨਵੀਰ ਸਿੰਘ ਵੱਲੋਂ ਅਜ਼ਾਦ ਉਮੀਦਵਾਰ ਵਜੋਂ 2 ਨਾਮਜ਼ਦਗੀ ਪੱਤਰ, ਦਿਆਲ ਚੰਦ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਰਾਜਾ ਸਿੰਘ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਹਾਕਮ ਬਖਤੜੀਵਾਲਾ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਮਹਿਮੂਦ ਅਖ਼ਤਰ ਸ਼ਾਦ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਮਨੀਸ਼ਾ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਦਿਲਸ਼ਾਦ ਵੱਲੋਂ ਬੀਜੇਜੇਪੀ ਉਮੀਦਵਾਰ ਵਜੋਂ, ਗੁਰਚਰਨ ਸਿੰਘ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਅਰਵਿੰਦ ਖੰਨਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਗਏ ਹਨ। ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮਿਤੀ 15 ਮਈ ਨੂੰ ਸਵੇਰੇ 11 ਵਜੇ ਤੋਂ ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ (ਸਕਰੂਟਨੀ) ਪ੍ਰਕਿਰਿਆ ਆਰੰਭ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਯੋਗ ਪਾਏ ਜਾਣ ਵਾਲੇ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ।