ਜਦੋਂ ਵੋਟਰ ਹਰੇਕ ਵਾਰ ਪਾਰਟੀ ਬਦਲ ਸਕਦਾ ਹੈ ਤਾਂ ਲੀਡਰਾਂ ਨੂੰ ਮੇਹਣਾ ਕਿਓਂ ? :
ਦਲ ਬਦਲੀ ਲਕਬ ਦੀ ਵਾਜਬੀਅਤ ਦੀਪਇੰਦਰ ਢਿੱਲੋਂ ਦੀ ਮਿਸਾਲ ਦੇ ਹਵਾਲੇ ਨਾਲ :
ਐਤਕੀਂ ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਆਪਣੀ ਪਹਿਲੀਆਂ ਪਾਰਟੀਆਂ ਨੂੰ ਛੱਡ ਕੇ ਆਏ ਲੀਡਰਾਂ ਨੂੰ ਕਾਫ਼ੀ ਗਿਣਤੀ ਵਿੱਚ ਟਿਕਟਾਂ ਦਿੱਤੀਆਂ ਨੇ।ਲੀਡਰਾਂ ਵੱਲੋਂ ਪਾਰਟੀ ਬਦਲਣ ਨੂੰ ਦਲ ਬਦਲੀ ਆਖਿਆ ਜਾਂਦਾ ਹੈ। ਅਜਿਹਾ ਕੰਮ ਕਰਨ ਵਾਲੇ ਲੀਡਰ ਨੁੰ ਮਾੜਾ ਖਿਤਾਬ ' ਦਲਬਦਲੂ' ਦਾ ਦੇ ਕੇ ਨਿੰਦਿਆ ਜਾਂਦਾ ਹੈ। ਦਲ ਬਦਲੀਆਂ ਦਾ ਕੰਮ ਸਭ ਤੋਂ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਪਾਰਟੀ ਦਾ ਸਾਰੇ ਮਾਲਕ ਤੇ ਮੁਕੰਮਲ ਰਾਜ ਸੀ ਤੇ ਜਦੋਂ ਉਹਨਾਂ ਦਾ ਕਿਸੇ ਸੂਬੇ ਵਿੱਚ ਬਹੁਮਤ ਘਟਦਾ ਸੀ ਤਾਂ ਉਹ ਲਾਲਚ ਦੇ ਕੇ ਵਿਰੋਧੀ ਐਮ. ਐਲਿਆਂ. ਨੂੰ ਆਪਦੇ ਨਾਲ ਰਲਾ ਲੈਂਦੇ ਸੀ ਜਾਂ ਮੁਖਾਲਿਫ ਪਾਰਟੀ ਦੇ ਐਮ.ਐਲ.ਏ ਤੋੜ ਕੇ ਉਹਨਾਂ ਨੂੰ ਹਮਾਇਤ ਦੇ ਕੇ ਉਹਨਾਂ ਦੀ ਸਰਕਾਰ ਸਰਕਾਰ ਬਣਾ ਕੇ ਦੇਣੀ ਤੇ ਬਾਅਦ ਤੋੜ ਦੇਣ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ ਜਿਵੇਂ 1968 ਵਿੱਚ ਪੰਜਾਬ ਦੀ ਅਕਾਲੀ ਸਰਕਾਰ ਵਿਚੋਂ ਐਮ.ਐਲ. ਏ ਤੋੜ ਕੇ ਤੇ ਉਹਨਾਂ ਲੀਡਰਾਂ ਲਛਮਣ ਸਿੰਘ ਨੁੰ ਮੁਖ ਮੰਤਰੀ ਬਣਾਇਆ ਗਿਆ। 1980 'ਚ ਹਰਿਆਣਾ ਵਿੱਚ ਜਨਤਾ ਪਾਰਟੀ ਦੀ ਸਾਰੀ ਦੀ ਸਾਰੀ ਵਜਾਰਤ ਹੀ ਸਣੇ ਸਾਰੇ ਐਮ.ਐਲ. ਏ ਕਾਂਗਰਸ ਵਿੱਚ ਦਲ ਬਦਲੀ ਕਰ ਗਏ ਸੀ।
1982 'ਚ ਹੋਈਆ ਹਰਿਆਣੇ ਦੀਆਂ ਚੋਣਾਂ ਦੌਰਾਨ ਲੋਕਾਂ ਨੇ ਬਹੁਮਤ ਤਾਂ ਚੌਧਰੀ ਦੇਵੀ ਲਾਲ ਦੀ ਪਾਰਟੀ ਨੁੰ ਦਿੱਤਾ ਪਰ ਦੇਵੀ ਲਾਲ ਦੇ ਐਮ.ਐਲ.ਏ ਕਾਂਗਰਸ 'ਚ ਰਲ ਗਏ ਤੇ ਸਰਕਾਰ ਕਾਂਗਰਸ ਦੀ ਬਣ ਗਈ ਕਿਉਂਕਿ 1980 'ਚ ਲੋਕਾਂ ਨੇ ਕਾਂਗਰਸ ਦੇ ਖਿਲਾਫ ਵੋਟਾਂ ਪਾ ਕੇ ਜਨਤਾ ਪਾਰਟੀ ਨੂੰ ਬਹੁਮਤ ਦਿੱਤਾ ਸੀ। ਪਰ ਜਨਤਾ ਪਾਰਟੀ ਐਮ. ਐਲ. ਏ ਜਦੋਂ ਕਾਂਗਰਸ ਵਿੱਚ ਗਏ ਤਾਂ ਉਹਨਾਂ ਨੂੰ ਜਿਤਾਉਣ ਵਾਲੇ ਵੋਟਰਾਂ ਦੇ ਜ਼ਜ਼ਬਾਤਾਂ ਨੁੰ ਸੱਟ ਵੱਜੀ ਤੇ ਇਵੇਂ ਹੀ1982 'ਚ ਦੇਵੀ ਲਾਲ ਦੇ ਟਿਕਟ ਤੇ ਜਿੱਤਣ ਵਾਲਿਆਂ ਨੂੰ ਲੋਕਾਂ ਨੇ ਕਾਂਗਰਸ ਦੇ ਖਿਲਾਫ ਵੋਟਾਂ ਪਾਈਆਂ ਸੀ, ਪਰ ਉਹ ਜਾ ਰਲੇ ਕਾਂਗਰਸ ਨਾਲ ਇਹ ਸਿੱਧਮ-ਸਿੱਧਾ ਵੋਟਰਾਂ ਧੋਖਾ ਸੀ ।ਏਵੇਂ ਹੀ ਗੱਲ ਲਛਮਣ ਸਿੰਘ ਗਿੱਲ ਵੇਲੇ ਸੀ।
ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਨੁੰ ਵੋਟਾਂ ਨਾ ਪਾਉਣ ਵਾਲੇ ਵੋਟਰਾਂ ਨੁੰ ਵੀ ਅਜਿਹੇ ਦਲ ਬਦਲੂ ਘੱਟ ਬੁਰੇ ਨੀ ਸੀ ਲੱਗਦੇ। ਮਿਸਾਲ ਦੇ ਤੌਰ ਜੇਹੜੇ ਬੰਦੇ ਨੂੰ ਉਹ ਜੇਤੂ ਬਣਾਉਣਾ ਹੀ ਨਹੀਂ ਸੀ ਚਾਹੁੰਦੇ ਉਹ ਮੱਲੋ ਮੱਲੀ ਉਹਨਾਂ ਦਾ ਲੀਡਰ ਬਣ ਬਹਿੰਦਾ ਹੈ। ਵੋਟਰਾਂ ਦੇ ਜ਼ਜ਼ਬਾਤਾਂ ਨੂੰ ਮਧੋਲਣ ਕਰਕੇ ਹੀ ਦਲ ਬਦਲੂ ਲਕਬ ਲੋਕਾਂ ਵਿੱਚ ਨਫਰਤ ਦਾ ਪਾਤਰ ਬਣਿਆ ਰਿਹਾ। ਜਿਹੜੀਆਂ ਵੋਟਾਂ ਨਾਲ ਜਿੱਤਣਾ ਤੇ ਉਹਨਾਂ ਦੇ ਜ਼ਜ਼ਬਾਤਾਂ ਉਲਟ ਜਾ ਖੜਨ ਵਾਲੇ ਨੇ ਨਫਰਤ ਦਾ ਪਾਤਰ ਬਣਨਾ ਸੀ। ਭਾਵ ਪਹਿਲੋਂ ਪਹਿਲ ਇੱਕ ਪਾਰਟੀ ਦੇ ਟਿਕਟ ਤੇ ਜਿੱਤ ਕੇ ਦੂਜੇ ਪਾਰਟੀ ਚ ਰਲਣ ਵਾਲਾ ਦਲ ਬਦਲੂ ਲੋਕਾਂ ਦੀ ਨਫਰਤ ਸ਼ਿਕਾਰ ਬਣਿਆ । ਪਰ ਇਸਤੋਂ ਇਲਾਵਾ ਵੀ ਜਦੋਂ ਕੋਈ ਪਾਰਟੀ ਬਦਲਦਾ ਸੀ ਉਹਨੂੰ ਵੀ ਦਲਬਦਲੂ ਹੀ ਆਖਿਆ ਜਾਣਾ ਸੀ ਜਿਸ ਕਰਕੇ ਲੋਕਾਂ ਵਿੱਚ ਉਹਦਾ ਵੀ ਵਕਾਰ ਘਟਦਾ ਸੀ ਕਿਉਕੀ ਉਹਦੇ ਲਈ ਬਦਨਾਮ ਨਾਓ ਦਲਬਦਲੂ ਹੀ ਵਰਤਿਆ ਜਾਂਦਾ ਸੀ ।
ਪਰ 1985 ਚ ਦਲਬਦਲੀ ਵਿਰੋਧੀ ਕਾਨੂੰਨ ਬਣਨ ਕਰਕੇ ਐਮ.ਐਲ.ਏ ਅਤੇ ਐਮ.ਪੀਆਂ ਵਲੋਂ ਵਲੋਂ ਕੀਤੀ ਜਾਂਦੀ ਦਲ ਬਦਲੀ ਬੰਦ ਹੋ ਗਈ ਹੈ। ਜੇ ਕਿਸੇ ਨੇ ਦਲ ਬਦਲਨਾ ਹੋਵੇ ਤਾਂ ਉਹਨੂੰ ਹਾਉਸ ਤੋਂ ਅਸਤੀਫਾ ਦੇਣਾ ਪੈਂਦਾ ਹੈ ਜਿਵੇਂ 2011 ਚ ਮੋਗੇ ਤੋਂ ਕਾਂਗਰਸੀ ਐਮ.ਐਲ.ਏ ਸ਼੍ਰੀ ਜੈਨ ਤੇ ਤਲਵੰਡੀ ਸਾਬੋ ਤੋਂ ਕਾਂਗਰਸੀ ਐਂਮ.ਐਲ.ਏ ਜੀਤ ਮਹਿੰਦਰ ਸਿੰਘ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਦੁਬਾਰਾ ਅਕਾਲੀ ਟਿਕਟ ਤੇ ਚੋਣ ਜਿੱਤੇ ਸੀ।ਸੋ ਇੰਨਾ ਦੀ ਦਲਬਦਲੀ ਉਸ ਕਿਸਮ ਦੀ ਨਹੀਂ ਹੈ ਜਿਵੇਂ ਪਹਿਲਾਂ ਐਮ.ਐੈਲ.ਏ ਬਣੇ ਬਣਾਏ ਹੀ ਪਾਰਟੀ ਬਦਲ ਕੇ ਦਲਬਦਲੂ ਬਣਦੇ ਸੀ । ਭਾਵੇਂ ਹੁਣ ਐਮ.ਪੀ, ਐਮ ਐਲਿਆਂ ਨੂੰ ਦੂਜੀ ਪਾਰਟੀ ਚ ਬੈਠਣ ਖਾਤਰ ਚੋਣਾ ਦੇ ਨਵੇਂ ਇਮਤਿਹਾਨ ਚੋਂ ਪਾਸ ਹੋਣਾ ਪੈਂਦਾ ਹੈ ਪਰ ਦਲਬਦਲੂ ਦਾ ਬਦਨਾਮ ਲਕਬ ਉਹਨਾਂ ਦਾ ਖੁਹੜਾ ਨਹੀਂ ਛੱਡਦਾ। ਸੋ ਇਕ ਦਲਬਦਲੀ ਤਾਂ ਉਹ ਹੋਈ ਜਦੋਂ ਕੋਈ ਲੀਡਰ ਆਪਣੇ ਲਾਲਚ ਖਾਤਰ ਪਾਰਟੀ ਜਾਂ ਆਪਣੇ ਵੋਟਰਾਂ ਨੂੰ ਧੋਖਾ ਦਿੰਦਾ ਹੈ । ਦੂਜੀ ਕਿਸਮ ਦੀ ਦਲਬਦਲੀ ਉਹ ਹੁੰਦੀ ਹੈ ਜਦੋਂ ਕੋਈ ਪਾਰਟੀ ਕਿਸੇ ਵਰਕਰ ਦੀ ਉਹਦੀ ਲਿਆਕਤ ਮੁਤਾਬਕ ਕਦਰ ਨਹੀਂ ਪਾਉਂਦੀ ਤਾਂ ਉਹ ਪਾਰਟੀ ਬਦਲ ਲੈਂਦਾ ਹੈ । ਹਾਲਾਂਕਿ ਇਹਦੇ ਵਿੱਚ ਕਸੂਰ ਪਾਰਟੀ ਦਾ ਹੁੰਦਾ ਹੈ ਪਰ ਬਦਨਾਮੀ ਦਾ ਮੇਹਣਾ ਪਾਰਟੀ ਬਦਲਣ ਵਾਲੇ ਨੂੰ ਸਹਿਣਾ ਪੈਂਦਾ ਹੈ। ਇਕ ਬੰਦਾ ਪਾਰਟੀ ਨਾਲ ਧੋਖਾ ਕਰਕੇ ਪਾਰਟੀ ਛੱਡਦਾ ਹੈ ਤੇ ਦੂਜਾ ਪਾਰਟੀ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਪਾਰਟੀ ਛੱਡਦਾ ਹੈ ਪਰ ਦੋਵਾਂ ਨੂੰ ਬਦਨਾਮ ਦਲਬਦਲੀ ਵਾਲੇ ਰਸੇ ਨਾਲ ਨਰੜਿਆ ਜਾਂਦਾ ਹੈ ਜੋ ਪਹਿਲਾਂ ਹੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਵਰਕਰ ਨਾਲ ਧੱਕਾ ਹੈ । ਹਾਲਾਂਕਿ ਧੱਕਾ ਕਰਨ ਵਾਲੀ ਜਾਂ ਲਿਆਕਤ ਦੀ ਕਦਰ ਨਾ ਪਾਉਣ ਵਾਲੀ ਪਾਰਟੀ ਨੇ ਤਾਂ ਛੱਡਣ ਵਾਲੇ ਨੂੰ ਤਾਂ ਦਲਬਦਲੂ ਤੇ ਮੌਕਾ ਪ੍ਰਸਤ ਦਾ ਖਿਤਾਬ ਦੇਣਾ ਹੀ ਹੁੰਦਾ ਹੈ ਪਰ ਲੋਕ ਵੀ ਉਹਨੂੰ ਇਸੇ ਬੋਲੀ ਮੁਤਾਬਕ ਹੀ ਕਹਿੰਦੇ ਨੇ । ਕਿਉਕਿ ਦੋਹਾਂ ਵੱਖੋ ਵੱਖਰੇ ਕੇਸਾਂ ਲਈ ਕੋਈ ਵੱਖ ਵੱਖ ਨਾਂਓ ਅਜੇ ਤੱਕ ਤਿਆਰ ਨਹੀਂ ਹੋਏ ਜਿਸ ਕਰਕੇ ਲੋਕ ਨਾਂ ਚਾਹੁੰਦੇ ਹੋਏ ਵੀ ਦੋਹਾਂ ਕਿਸਮ ਦੇ ਵਰਕਰਾਂ ਵਲੋਂ ਪਾਰਟੀ ਛੱਡਣ ਨੂੰ ਦਲਬਦਲੀ ਹੀ ਆਖਿਆ ਜਾਂਦਾ ਹੈ ।
ਅਜਿਹੇ ਕੇਸ ਦੀ ਢੁਕਵੀਂ ਮਿਸਾਲ ਪਟਿਆਲਾ ਜਿਲੇ ਵਿੱਚ ਦੀਪਇੰਦਰ ਸਿੰਘ ਢਿਲੋਂ ਦੀ ਬਣਦੀ ਹੈ । 2012 ਵਿੱਚ ਕਾਂਗਰਸੀ ਟਿਕਟ ਨਾ ਮਿਲਣ ਕਰਕੇ ਉਹਨੇ ਪਾਰਟੀ ਛੱਡ ਕੇ ਬਤੌਰ ਆਜਾਦ ਉਮੀਦਵਾਰ ਇਲੈਕਸ਼ਨ ਲੜੀ । ਹਾਰਨ ਤੋਂ ਬਾਅਦ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਇਆ । ਚਾਰ ਸਾਲ ਅਕਾਲੀ ਦਲ ਵਿੱਚ ਲਾਕੇ ਉਹ ਫੇਰ ਕਾਂਗਰਸ ਵਿੱਚ ਰਲਿਆ ।ਸਰਦਾਰ ਢਿੱਲੋਂ ਦਾ ਕੇਸ ਪਾਰਟੀਆਂ ਵਲੋਂ ਨਾ ਕਦਰੀ ਵਾਲੀ ਮਿਸਾਲ ਤੇ ਠੀਕ ਢੁੱਕਦਾ ਹੈ । ਉਹ ਡੇਰਾਬੱਸੀ ਹਲਕੇ ਵਿੱਚ 1997 ਤੋਂ ਬਤੌਰ ਕਾਂਗਰਸੀ ਵਰਕਰ ਵਜੋਂ ਸਰਗਰਮ ਸੀ । ਆਪਣੀ ਲਿਆਕਤ ਨਾਲ ਉਹਨੇ ਲੋਕਾਂ ਵਿੱਚ ਐਨੀ ਥਾਂ ਬਣਾ ਲਈ ਕਿ ਕੋਈ ਹੋਰ ਕਾਂਗਰਸੀ ਟਿਕਟ ਦੀ ਦਾਅਵੇਦਾਰੀ ਲਈ ਉਹਦੇ ਨੇੜੇ ਤੇੜ ਵੀ ਨਹੀਂ ਸੀ ਢੁੱਕਦਾ । ਉਹਨੂੰ ਟਿਕਟ ਨਾ ਮਿਲ ਸਕਣਾ ਕਿਸੇ ਦੇ ਖਾਬੋ ਖਿਆਲ ਵਿੱਚ ਨਹੀਂ ਸੀ । ਕਾਂਗਰਸੀ ਆਗੂਆਂ ਦੀਆਂ ਜਰਬਾਂ ਤਕਸੀਮਾਂ ਨੇ ਡੇਰਾ ਬੱਸੀ ਹਲਕੇ ਤੋਂ ਕਾਂਗਰਸੀ ਦੀ ਟਿਕਟ ਆਖਰੀ ਮੌਕੇ ਜਾਕੇ ਇੱਕ ਵੱਡੇ ਆਗੂ ਜਸਜੀਤ ਸਿੰਘ ਰੰਧਾਵਾ ਨੂੰ ਦੇ ਦਿੱਤੀ । ਸ. ਢਿੱਲੋਂ ਨਾਲ ਇਹ ਸਰਾਸਰ ਧੱਕਾ ਸੀ । ਦੀਪਇੰਦਰ ਸਿੰਘ ਢਿੱਲੋਂ ਆਜਾਦ ਖੜਕੇ ਦੂਜੇ ਨੰਬਰ ਤੇ ਰਿਹਾ । ਅਕਾਲੀ ਦਲ ਦੇ ਜੇਤੂ ਉਮੀਂਦਵਾਰ ਨੂੰ 63 ਹਜਾਰ ਤੇ ਢਿੱਲੋਂ ਨੂੰ 51 ਹਜਾਰ ਵੋਟਾਂ ਮਿਲੀਆਂ । ਕਾਂਗਰਸ ਦੇ ਉਮੀਂਦਵਾਰ ਜਸਜੀਤ ਸਿੰਘ ਨੇ 8500 (ਸਾਢੇ ਅੱਠ ਹਜਾਰ) ਵੋਟਾਂ ਹਾਸਲ ਕਰਕੇ ਜਮਾਨਤ ਜਬਤ ਕਰਾਈ । ਕਾਂਗਰਸ ਦੇ ਉਮੀਦਵਾਰ ਤੇ ਦੀਪਇੰਦਰ ਸਿੰਘ ਢਿੱਲੋਂ ਦੀਆਂ ਵੋਟਾਂ ਦੇ ਵੱਡੇ ਫਰਕ ਨੇ ਢਿੱਲੋਂ ਨਾਲ ਹੋਏ ਧੱਕੇ ਤੇ ਮੋਹਰ ਲਾ ਦਿੱਤੀ ਤੇ ਸਾਬਤ ਕਰ ਦਿੱਤਾ ਕਿ ਕਾਂਗਰਸੀ ਟਿਕਟ ਦਾ ਅਸਲ ਹੱਕਦਾਰ ਢਿੱਲੋਂ ਹੀ ਸੀ ।
2012 ਵਿੱਚ ਢਿੱਲੋਂ ਨੂੰ ਟਿਕਟ ਮਿਲਣ ਦੀ ਪੂਰੀ ਉਮੀਦ ਤਿੰਨ ਕਾਰਨਾ ਕਰਕੇ ਸੀ । ਪਹਿਲੀ ਇਹ ਕਿ ਉਹ ਉਥੋਂ ਦੀ ਕਾਂਗਰਸੀ ਮੈਂਬਰ ਲੋਕ ਸਭਾ ਬੀਬੀ ਪਰਨੀਤ ਕੌਰ ਦਾ ਖਾਸਮਖਾਸ ਬੰਦਾ ਸੀ ਜਿਹਦੀ ਸਿਫਾਰਸ਼ ਵਜ਼ਨਦਾਰ ਸੀ । ਦੂਜਾ ਇਹ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬੀਬੀ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ । ਦੋਵਾਂ ਜਣਿਆਂ ਦੀ ਸਿਫਾਰਸ਼ਾ ਜਿਨਾਂ ਭਾਰ ਕਿਸੇ ਹੋਰ ਦਾਅਵੇਦਾਰ ਦੇ ਪਲੜੇ ਵਿੱਚ ਨਹੀਂ ਸੀ । ਤੀਜਾ ਸ. ਢਿੱਲੋਂ ਤੋ ਇਲਾਵਾ ਕਿਸੇ ਹੋਰ ਬੰਦੇ ਦੀ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਸੀ । ਸ. ਢਿੱਲੋਂ ਨੂੰ ਟਿਕਟ ਮਿਲਣ ਦੇ ਹਾਲਾਤ ਜਿਨੇ ਸਾਜਗਾਰ 2012 ਵਿੱਚ ਸਨ ਉਹ ਮੁੜਕੇ ਬਣਨ ਦੀ ਸੰਭਾਵਨਾ ਔਖੀ ਲਗਦੀ ਸੀ ਬੇਹੱਦ ਨਿਰਾਸ਼ਾ ਦੇ ਅਆਲਮ ਵਿੱਚ ਡੁੱਬੇ ਢਿੱਲੋਂ ਨੂੰ ਅਕਾਲੀ ਦਲ ਨੇ ਆਵਾਜ਼ ਮਾਰੀ ਤਾਂ ਢਿੱਲੋਂ ਨੇ ਹੁੰਗਾਰਾ ਭਰ ਦਿੱਤਾ ਉਹਨੂੰ ਜਦੋਂ ਮਹਾਰਣੀ ਪਰਨੀਤ ਕੌਰ ਨੇ ਇਹ ਕਹਿਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਅਗਾਂਹ ਨੂੰ ਤੇਰਾ ਟਿਕਟ ਪੱਕਾ ਹੋਵੇਗਾ ਤਾਂ ਉਹਨੇ ਕਿਹਾ ਕਿ ਮਹਾਰਾਣੀ ਜੀ ਜੇ ਇਨੀਆਂ ਸਾਜਗਾਰ ਹਾਲਤਾਂ ਵਿੱਚ ਤੁਸੀ ਜੋਰ ਲਾਕੇ ਵੀ ਮੈਨੂੰ ਟਿਕਟ ਨਹੀਂ ਦਿਵਾ ਸਕੇ ਤਾਂ ਅਗਲੀ ਵਾਰ ਗਰੰਟੀ ਕਾਹਦੀ ?
ਸੋ ਦੀਪਇੰਦਰ ਸਿੰਘ ਢਿੱਲੋਂ ਅਕਾਲੀ ਦਲ ਵਿੱਚ ਚਲਿਆ ਗਿਆ । ਪਟਿਆਲਾ ਲੋਕ ਸਭਾ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਡੇਰਾ ਬੱਸੀ ਸ. ਦੀਪਇੰਦਰ ਸਿੰਘ ਢਿੱਲੋਂ ਦੀ ਮਕਬੂਲੀਅਤ ਦਾ ਲਾਹਾ ਲੈਣ ਖਾਤਰ 2014 ਵਿੱਚ ਅਕਾਲੀਆਂ ਨੇ ਢਿੱਲੋਂ ਨੂੰ ਪਟਿਆਲਾ ਹਲਕੇ ਤੋਂ ਲੋਕ ਸਭਾ ਦੀ ਇਲੈਕਸ਼ਨ ਲੜਵਾ ਦਿੱਤੀ । ਢਿੱਲੋਂ ਨੇ ਡੇਰਾ ਬੱਸੀ ਹਲਕੇ ਵਿੱਚ ਇਕ ਵਾਰ ਫਿਰ ਆਪਣੀ ਮਕਬੂਲੀਅਤ ਸਾਬਤ ਕੀਤੀ। ਸਮੁੱਚੇ ਲੋਕ ਸਭਾ ਹਲਕੇ ਵਿੱਚ ਭਾਵੇਂ ਢਿੱਲੋਂ ਤੀਜੇ ਨੰਬਰ ਤੇ ਰਿਹਾ ਪਰ ਅਕਾਲੀ ਦਲ ਦੀ ਉਮੀਦ ਤੇ ਖਰਾ ਉਤਰਦਿਆਂ ਡੇਰਾ ਬੱਸੀ ਵਿਧਾਨ ਹਲਕੇ ਵਿੱਚੋਂ ਉਹਦੀ ਲੀਡ ਆਮ ਆਦਮੀ ਪਾਰਟੀ ਤੋਂ 48 ਹਜਾਰ ਵੋਟਾਂ ਦੀ ਤੇ ਕਾਂਗਰਸ ਦੇ ਉਮੀਦਵਾਰ ਤੋਂ ਉਹਦੀਆਂ ਵੋਟਾਂ 50 ਹਜਾਰ ਵੱਧ ਸਨ । ਡੇਰਾ ਬੱਸੀ ਹਲਕੇ ਵਿੱਚ 2012 ਵਿੱਚ ਅਕਾਲੀ ਦਲ ਨੂੰ ਪਈਆਂ 63 ਹਜਾਰ ਵੋਟਾਂ ਦੇ ਮੁਕਾਬਲੇ 2014 ਵਿੱਚ ਢਿੱਲੋਂ ਨੇ ਬਤੌਰ ਅਕਾਲੀ ਉਮੀਂਦਵਾਰ 80 ਹਜਾਰ ਵੋਟਾਂ ਹਾਸਲ ਕੀਤੀਆਂ। ਜਦਕਿ ਹਰੇਕ ਥਾਂ ਅਕਾਲੀ ਦਲ ਦੀਆਂ ਵੋਟਾਂ 2012 ਦੇ ਮੁਕਾਬਲੇ ਘਟੀਆਂ ਸੀ । ਇਹ ਸਾਰੇ ਤੱਥ ਸਾਬਤ ਕਰਦੇ ਹਨ ਕਿ ਲੋਕ ਨਿੱਜੀ ਤੌਰ ਤੇ ਢਿੱਲੋਂ ਮਗਰ ਜਾਂਦੇ ਨੇ ਭਾਵੇਂ ਉਹ ਆਜਾਦ ਹੋਵੇ ਜਾਂ ਕਿਸੇ ਪਾਰਟੀ ਦਾ ਉਮੀਂਦਵਾਰ । ਵੋਟਰਾਂ ਦੀ ਸ਼ਕਲ ਵਿੱਚ ਕੀਤੀ ਹੋਈ ਕਮਾਈ ਦੇ ਸਿਰ ਤੇ ਢਿੱਲੋਂ ਅਕਾਲੀ ਦਲ ਤੋਂ ਇਹ ਉਮੀਂਦ ਰਖਦਾ ਸੀ ਕਿ ਉਸਨੂੰ ਡੇਰਾ ਬੱਸੀ ਤੋਂ ਹੀ ਟਿਕਟ ਦੇਵੇ।ਪਰ ਅਕਾਲੀ ਦਲ ਨੇ ਉਸਨੂੰ ਕੋਰਾ ਜਵਾਬ ਦੇਕੇ ਆਖਿਆ ਕਿ ਤੈਨੂੰ ਲੋਕ ਸਭਾ ਦੀ ਟਿਕਟ ਦਿੱਤੀ , ਤੈਨੂੰ ਯੋਜਨਾ ਬੋਰਡ ਦਾ ਚੇਅਰਮੈਨ ਵੀ ਲਾਇਆ ਸੀ ਫਿਰ ਤੈਨੂੰ ਜਿਲਾ ਪ੍ਰਧਾਨ ਵੀ ਬਣਾਇਆ ਹੋਰ ਤੈਨੂੰ ਕੀ ਦੇ ਦੇਈਏ ? ਇਹ ਉਸ ਨਾਲ ਮਿਲਦੀ ਗਲ ਹੈ ਕਿ ਕੋਈ ਹਾਕੀ ਦਾ ਵਧੀਆ ਖਿਡਾਰੀ ਹੋਵੇ ਤੇ ਉਹ ਆਖੇ ਕਿ ਮੈਨੂੰ ਹਾਕੀ ਦਾ ਮੈਚ ਖਿਡਾਓ ਤਾਂ ਅਗੋਂ ਪ੍ਰਬੰਧਕ ਆਖਣ ਕਿ ਅਸੀ ਤੈਨੂੰ ਫੁਟਬਾਲ ਦਾ ਮੈਚ ਖਿਡਾਇਆ ਸੀ , ਤੈਨੂੰ ਫਲਾਣਾ ਸਨਮਾਨ ਦਿਤਾ ਤੇ ਧਿਮਕਾ ਅਹੁਦਾ ਦਿਤਾ ਤੂੰ ਸਾਤੋਂ ਹੋਰ ਕੀ ਭਾਲਦਾਂ ਹੈਂ। ਜੇ ਕੋਈ ਬੰਦਾ ਹਾਕੀ ਦਾ ਮਾਹਰ ਹੈ ਤਾਂ ਉਹ ਹਾਕੀ ਮੈਚ ਵਿੱਚ ਹੀ ਜੌਹਰ ਦਿਖਾ ਸਕਦਾ ਹੈ ਤੇ ਉਹਦੀ ਤੇ ਉਹਦੇ ਹਮਾਇਤੀਆਂ ਦੀ ਤਸੱਲੀ ਹਾਕੀ ਟੀਮ ਚ ਜਾ ਕੇ ਹੀ ਹੋਣੀ ਹੈ।ਉਹਨੂੰ ਕਿਸੇ ਹੋਰ ਸਨਮਾਨ ਜਾਂ ਅਹੁਦੇ ਨਾਲ ਰਾਜੀ ਕੀਤਾ ਜਾ ਸਕਦਾ ਹੈ । ਭਾਵ ਇਹ ਹੈ ਕਿ ਜੇ ਉਹਨੂੰ ਡੇਰਾ ਬੱਸੀ ਤੋ ਅਕਾਲੀ ਦਲ ਚੋਣ ਨਹੀਂ ਲੜਾਉਂਦਾ ਤਾਂ ਇਹ ਉਹਨੂੰ ਹੱਕ ਤੋਂ ਵਾਂਝਾ ਰੱਖਣ ਦੇ ਬਰਾਬਰ ਸੀ।
ਦੂਜੇ ਪਾਸੇ ਕਾਂਗਰਸ ਕਹਿੰਦੀ ਕਿ ਤੂੰ ਸਾਡੇ ਵੱਲ ਆ ਜਾ ਸਾਥੋਂ ਪਿਛਲੀ ਵਾਰ ਗਲਤੀ ਹੋਈ ਉਹਦੀ ਸਜ਼ਾ ਅਸੀਂ ਵੀ ਭੁਗਤੀ ਤੇ ਤੂੰ ਵੀ । ਐਤਕੀ ਅਸੀ ਤੈਨੂੰ ਡੇਰਾ ਬੱਸੀ ਤੋਂ ਹੀ ਚੋਣ ਲੜਾਵਾਂਗੇ । ਇਥੇ ਨਾ ਤਾਂ ਕਾਂਗਰਸ ਗਲਤ ਹੈ ਤੇ ਨਾ ਹੀ ਢਿੱਲੋਂ। ਜੇ ਪਿਛਲੀ ਦਫਾ ਢਿੱਲੋਂ ਆਜਾਦ ਨਾ ਖੜਦਾ ਤਾਂ ਕਾਂਗਰਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਸੀ ਹੋਣਾ ਤੇ ਨਾ ਹੀ ਉਹਨੂੰ ਅਕਾਲੀ ਦਲ ਨੇ ਆਵਾਜ਼ ਮਾਰਨੀ ਸੀ । ਤੇ ਨਾ ਹੀ ਉਹਨੂੰ 2014 ਵਿੱਚ ਦੁਬਾਰਾ ਆਪਣੀ ਮਕਬੂਲੀਅਤ ਸਾਬਤ ਕਰਨ ਦਾ ਮੌਕਾ ਮਿਲਣਾ ਸੀ । ਸੋ ਢਿੱਲੋ ਵਾਲੇ ਕੇਸ ਦੇ ਹਵਾਲੇ ਨਾਲ ਜੇ ਗਲ ਕਰੀਏ ਤਾਂ ਸਮੁੱਚੇ ਸੂਬੇ ਵਿੱਚ ਅਜਿਹੇ ਹੋਰ ਵੀ ਬਹੁਤ ਥਾਂਈ ਕੇਸ ਵੇਖਣ ਨੂੰ ਮਿਲਦੇ ਨੇ ਜੋ ਕਿ ਉਹਨਾਂ ਦਲਬਦਲੀਆਂ ਨਾਲ ਮੇਲ ਨਹੀਂ ਖਾਂਦੇ ਹੁੰਦੇ ਜਿੱਥੇ ਕੋਈ ਲੀਡਰ ਵੋਟਰਾਂ ਦੇ ਜਜਬਾਤਾਂ ਨੂੰ ਮਧੋਲਿਆ ਹੋਵੇ। ਬਲਕਿ ਅਜਿਹੇ ਕੇਸਾਂ ਵਿੱਚ ਪਾਰਟੀਆਂ ਵਲੋਂ ਲੋਕਾਂ ਦੇ ਜਜਬਾਤਾਂ ਨੂੰ ਮਧੋਲਿਆ ਜਾਂਦਾ ਹੈ । ਸੋ ਅਜਿਹੇ ਕੇਸਾਂ ਵਿੱਚ ਧੱਕੇਸ਼ਾਹੀ ਦਾ ਸ਼ਿਕਾਰ ਹੋ ਕੇ ਮਜਬੂਰੀ ਵਸ ਪਾਰਟੀ ਬਦਲਣ ਵਾਲਿਆਂ ਨੂੰ ਦਲਬਦਲੂ ਆਖਣ ਦੀ ਬਜਾਏ ਅਜਿਹੀਆਂ ਪਾਰਟੀਆਂ ਬਾਰੇ ਕੋਈ ਹੋਰ ਲਕਬ ਘੜਨਾ ਚਾਹੀਦਾ ਹੈ ।
ਐਤਕੀਂ ਲੋਕ ਸਭਾ ਦੀਆਂ ਵੋਟਾਂ ਮੌਕੇ ਪਾਰਟੀ ਬਦਲ ਕੇ ਟਿਕਟਾਂ ਹਾਸਲ ਕਰਨ ਵਾਲੇ ਉਮੀਂਦਵਾਰਾਂ ਤੇ ਲੋਕਾਂ ਨੂੰ ਗਿਲਾ ਹੈ ਤਾਂ ਉਹਨਾਂ ਕੋਲ ਚੁਆਇਸ ਹੈ ਕਿ ਉਹ ਐਸੇ ਉਮੀਦਵਾਰਾਂ ਨੂੰ ਰੱਦ ਕਰ ਸਕਦੇ ਹਨ।ਸਿਆਸੀ ਪਾਰਟੀਆਂ ਮੌਕੇ ਮੁਤਾਬਕ ਆਪਦੇ ਸਿਆਸੀ ਪਰੋਗਰਾਮ ਤੇ ਪੈਂਤੜੇ ਬਦਲਨ ਲਈ ਅਜ਼ਾਦ ਹਨ।ਇਸੇ ਤਰਾਂ ਵੋਟਰ ਨੂੰ ਵੀ ਹਰ ਵਾਰ ਬਦਲਵੀਂ ਪਾਰਟੀ ਨੂੰ ਹਮਾਇਤ ਦੇਣ ਦੀ ਅਜ਼ਾਦੀ ਹੈ। ਸੋ ਇਸੇ ਤਰਜ਼ ਤੇ ਸਿਆਸੀ ਲੀਡਰਾਂ ਨੂੰ ਪਾਰਟੀ ਬਦਲਨ ਦਾ ਹੱਕ ਕਿਓਂ ਨਹੀਂ ਹੋਣਾ ਚਾਹੀਦਾ ?
ਮਲਕੀਤ ਸਿੰਘ ਮਲਕਪੁਰ
malkeetbachhal66461@gmail.com |
9815448201