ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਭੇਟ ਕੀਤੀ
- ਯਾਦਗਾਰ ਲਈ ਕਾਂਗਰਸ ਦੇ ਸਮਰਥਨ ਦਾ ਵਾਅਦਾ ਕੀਤਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਿਹਤਰ ਦੇਖਭਾਲ ਕਰਨ ਦਾ ਸੱਦਾ ਦਿੱਤਾ
- ਵੜਿੰਗ ਨੇ ਨੌਜਵਾਨਾਂ ਨੂੰ ਦੇਸ਼ ਹਿੱਤ ਵਿੱਚ ਸ਼ਹੀਦ ਥਾਪਰ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਲਈ ਕਿਹਾ
ਲੁਧਿਆਣਾ, 15 ਮਈ, 2024: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਵਿਖੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਿੱਚ ਬੋਲਦਿਆਂ ਵੜਿੰਗ ਨੇ ਸੁਖਦੇਵ ਥਾਪਰ ਦੀ ਅਮੁੱਲ ਕੁਰਬਾਨੀ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਦੇਸ਼ ਦੇ ਨੌਜਵਾਨਾਂ ਲਈ "ਪ੍ਰੇਰਨਾ ਦਾ ਪ੍ਰਤੀਕ" ਦੱਸਿਆ। ਉਨ੍ਹਾਂ ਕਿਹਾ, ''ਇਹ ਨੌਜਵਾਨਾਂ ਲਈ ਸੰਦੇਸ਼ ਹੈ ਕਿ ਉਹ ਇਨ੍ਹਾਂ ਸ਼ਹੀਦਾਂ ਅਤੇ ਸਾਡੀ ਆਜ਼ਾਦੀ ਲਈ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਾ ਭੁੱਲਣ।"
ਵੜਿੰਗ ਨੇ ਇਸ ਗੱਲ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਉਨ੍ਹਾਂ ਦੁੱਖ ਭਰੇ ਵਿਸ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਨੂੰ ਉਨ੍ਹਾਂ ਦੇ ਬਿਜਲੀ ਦੇ ਬਿੱਲ ਦਾ ਖਰਚਾ ਚੁੱਕਣਾ ਪੈ ਰਿਹਾ ਹੈ, ਸਗੋਂ ਇਹ ਜ਼ਿੰਮੇਵਾਰੀ ਸਰਕਾਰ ਨੂੰ ਚੁੱਕਣੀ ਚਾਹੀਦੀ ਹੈ।
ਆਪਣੇ ਦੌਰੇ ਦੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਵੜਿੰਗ ਨੇ ਕਿਹਾ, "ਇਹ ਸਥਾਨ ਅਜੇ ਵੀ ਮਜ਼ਬੂਤ ਇੱਛਾ ਵਾਲੇ ਬਹਾਦਰ ਕ੍ਰਾਂਤੀਕਾਰੀਆਂ ਦੀ ਅਥਾਹ ਊਰਜਾ ਨਾਲ ਭਰਿਆ ਹੋਇਆ ਹੈ ਜੋ ਇੱਥੇ ਮੌਜੂਦ ਸਨ, ਮੈਂ ਆਪਣੇ ਆਪ ਨੂੰ ਪੰਜਾਬੀਆਂ ਦੀ ਭਲਾਈ ਲਈ ਸਮਰਪਿਤ ਕਰਨ ਲਈ ਬਹੁਤ ਪ੍ਰੇਰਿਤ ਮਹਿਸੂਸ ਕਰਦਾ ਹਾਂ।"
ਉਨ੍ਹਾਂ ਵਾਅਦਾ ਕੀਤਾ ਕਿ ਅਗਲੀ ਕਾਂਗਰਸ ਸਰਕਾਰ ਦੌਰਾਨ ਪਾਰਟੀ, ਟਰੱਸਟ ਦੇ ਪ੍ਰਬੰਧਕਾਂ ਵੱਲੋਂ ਪ੍ਰਗਟਾਈ ਗਈ ਲੋੜ ਅਨੁਸਾਰ ਯਾਦਗਾਰ ਦਾ ਸਮਰਥਨ ਕਰੇਗੀ। ਵੜਿੰਗ ਨੇ ਭਾਰਤ ਦੇ ਨੌਜਵਾਨਾਂ ਨੂੰ ਲੋਕ ਭਲਾਈ ਲਈ ਕੁਰਬਾਨੀਆਂ ਦੇਣ ਲਈ ਹਮੇਸ਼ਾ ਤਿਆਰ ਰਹਿਣ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਸੁਖਦੇਵ ਥਾਪਰ ਵਰਗੇ ਮਹਾਨ ਸ਼ਹੀਦਾਂ ਨੂੰ ਸਦਾ ਲਈ ਯਾਦ ਰੱਖਿਆ ਜਾਵੇਗਾ।
ਜਦਕਿ 'ਆਪ' ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਹਮਲੇ ਦੀ ਤਾਜ਼ਾ ਘਟਨਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ 'ਆਪ' ਮੁੱਖ ਮੰਤਰੀ ਦੇ ਪੀਏ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ। ਵੜਿੰਗ ਨੇ ਕਿਹਾ, "ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ। ਔਰਤਾਂ ਸਨਮਾਨ ਦੀਆਂ ਹੱਕਦਾਰ ਹਨ ਅਤੇ ਜ਼ਿੰਮੇਵਾਰ ਵਿਅਕਤੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਨਤੀਜੇ ਭੁਗਤਣੇ ਚਾਹੀਦੇ ਹਨ।”
ਇਸੇ ਤਰ੍ਹਾਂ ਸ਼ਹੀਦ ਸੁਖਦੇਵ ਥਾਪਰ ਨੂੰ ਅਧਿਕਾਰਤ ਤੌਰ 'ਤੇ 'ਸ਼ਹੀਦ' ਦਾ ਖਿਤਾਬ ਦਿੱਤੇ ਜਾਣ ਦੇ ਮੁੱਦੇ 'ਤੇ ਵੜਿੰਗ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਮਾਮਲਾ ਹੈ। ਉਨ੍ਹਾਂ ਨੇ ਚੋਣਾਂ ਦੌਰਾਨ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਣ ਲਈ ਵਚਨਬੱਧਤਾ ਪ੍ਰਗਟਾਈ।
ਇਸ ਤੋਂ ਇਲਾਵਾ, ਵੜਿੰਗ ਨੇ ਆਪਣੀ ਚੋਣ ਮੁਹਿੰਮ ਦੌਰਾਨ ਦਾਖਾ, ਉੱਤਰੀ ਲੁਧਿਆਣਾ ਅਤੇ ਦੱਖਣੀ ਲੁਧਿਆਣਾ ਵਿਧਾਨ ਸਭਾ ਹਲਕਿਆਂ ਵਿਚ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਜ਼ੋਰਦਾਰ ਵਕਾਲਤ ਕੀਤੀ, ਖਾਸ ਤੌਰ 'ਤੇ 'ਨਿਆਏ' (ਲੋਕਾਂ ਲਈ ਇਨਸਾਫ) ਦੇ ਪੰਜ ਮੁੱਖ ਨੁਕਤਿਆਂ 'ਤੇ ਜ਼ੋਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਯਤਨਾਂ ਨੂੰ ਲੁਧਿਆਣਾ ਵਾਸੀਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਉਨ੍ਹਾਂ ਨੂੰ ਮੰਡਿਆਣੀ ਵਿੱਚ ਲੱਡੂਆਂ ਨਾਲ ਵੀ ਤੋਲਿਆ ਗਿਆ।