ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ
ਬੁਢਲਾਡਾ, 15 ਮਈ 2024: ਨੌਜਵਾਨ ਕਾਂਗਰਸੀ ਆਗੂ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਲੰਬੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਹਲਕੇ ਦੇ ਵੋਟਰਾਂ ਨੇ ਉਹਨਾਂ ਦੀ ਅਪੀਲ ਨੂੰ ਭਰਮਾਂ ਹੁੰਗਾਰਾ ਦਿੰਦਿਆਂ ਭਰੋਸਾ ਦਵਾਇਆ ਹੈ ਕਿ ਉਹ ਦੇਸ਼ ਨੂੰ ਵਿਕਾਸ ਦੀਆਂ ਲੀਹਾਂ 'ਤੇ ਅੱਗੇ ਲਿਆਣ ਵਾਲੀ ਕਾਂਗਰਸ ਪਾਰਟੀ ਦਾ ਸਮਰਥਨ ਕਰਨਗੇ। ਇਸ ਦੌਰਾਨ ਉਹਨਾਂ ਦੇ ਨਾਲ ਲੰਬੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਫਤਿਹ ਸਿੰਘ ਬਾਦਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਵੋਟਰਾਂ ਨਾਲ ਰਾਬਤਾ ਕਰਦੇ ਹੋਏ ਗੁਰਬਾਜ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਲੋਕਤੰਤਰੀ ਜ਼ਮਾਨੇ ਦੇ ਵਿੱਚ ਵੀ ਬਹੁਤ ਸਾਰੇ ਸਿਆਸੀ ਘਰਾਣੇ ਰਜਵਾੜਾ ਸ਼ਾਹੀ ਦੇ ਯੁੱਗ ਵਿੱਚ ਜੀਅ ਰਹੇ ਹਨ ਅਤੇ ਇੰਨ੍ਹਾਂ ਨੂੰ ਵੋਟਰਾਂ ਦੀ ਯਾਦ ਸਿਰਫ ਚੋਣਾਂ ਵੇਲੇ ਆਉਂਦੀ ਹੈ ਪ੍ਰੰਤੂ ਵੋਟਾਂ ਤੋਂ ਬਾਅਦ ਵੋਟਰਾਂ ਲਈ ਉਹਨਾਂ ਤੱਕ ਪਹੁੰਚ ਕਰਨੀ ਵੀ ਔਖੀ ਹੋ ਜਾਂਦੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਹੈ ਜਿੱਥੇ ਇੱਕ ਵਰਕਰ ਤੋਂ ਲੈ ਕੇ ਪਾਰਟੀ ਪ੍ਰਧਾਨ ਤੱਕ ਸਾਰੇ ਇੱਕ ਹਨ। ਉਹਨਾਂ ਬਾਦਲ ਪਰਿਵਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਹੁਣ ਤੱਕ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਕਈ ਵਾਰ ਕੇਂਦਰ ਵਿਚ ਮੰਤਰੀ ਰਹਿਣ ਦੇ ਬਾਵਜੂਦ ਇਸ ਪਰਿਵਾਰ ਦੇ ਵੱਲੋਂ ਲੋਕਾਂ ਨੇ ਕੁਝ ਨਹੀਂ ਕੀਤਾ ਗਿਆ ਹੈ ਤੇ ਜੇਕਰ ਵਿਕਾਸ ਹੋਇਆ ਤਾਂ ਇਸ ਪਰਿਵਾਰ ਦਾ ਹੋਇਆ ਹੈ ਜਿਸਦੇ ਥਾਂ-ਥਾਂ ਹੋਟਲ ਤੇ ਬੱਸਾਂ ਦੀਆਂ ਫਲੀਟਾਂ ਨੇ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕੀਤੀ ਹੈ ।
ਗੁਰਬਾਜ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰ ਅਜਿਹੇ ਹੰਕਾਰੀ ਲੀਡਰਾਂ ਨੂੰ ਸਬਕ ਸਿਖਾਉਣਗੇ ਅਤੇ ਇਸ ਦੇ ਵਿੱਚ ਲੰਬੀ ਹਲਕੇ ਦੇ ਵੋਟਰਾਂ ਦਾ ਸਭ ਤੋਂ ਵੱਡਾ ਯੋਗਦਾਨ ਰਹੇਗਾ। ਉਨਾ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਸ ਹਲਕੇ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦਾ ਸਾਥ ਦਿੱਤਾ ਪ੍ਰੰਤੂ ਸੂਬੇ ਦੇ ਵਿੱਚ ਕੈਬਨਿਟ ਮੰਤਰੀ ਬਣਨ ਦੇ ਬਾਵਜੂਦ ਉਹਨਾਂ ਹੋਰ ਹਲਕਿਆਂ ਦਾ ਤਾਂ ਕੀ ਸੰਵਾਰਨਾ ਸੀ ਬਲਕਿ ਆਪਣੇ ਹਲਕੇ ਦੇ ਵਿੱਚ ਵੀ ਇੱਕ ਇੱਟ ਨਹੀਂ ਲਗਾ ਸਕੇ। ਇਥੋਂ ਤੱਕ ਕਿ ਉਹਨਾਂ ਦੇ ਆਪਣੇ ਪਿੰਡ ਦੇ ਲੋਕ ਵੀ ਔਖੇ ਹਨ। ਨੌਜਵਾਨ ਕਾਂਗਰਸ ਆਗੂ ਨੇ ਕਿਹਾ ਕਿ ਇਸ ਵਾਰ ਲੋਕ ਕਿਸੇ ਝੂਠੇ ਝਾਂਸਿਆਂ ਦੇ ਵਿੱਚ ਨਹੀਂ ਆਉਣਗੇ ਅਤੇ ਕਾਂਗਰਸ ਪਾਰਟੀ ਨੂੰ ਆਪਣਾ ਵੱਡਾ ਸਮਰਥਨ ਦੇ ਕੇ ਲੋਕ ਸਭਾ ਵਿੱਚ ਭੇਜਣਗੇ। ਇਸ ਦੌਰਾਨ ਉਨਾਂ ਵੱਲੋਂ ਪਿੰਡ ਕਿਲਿਆਂਵਾਲੀ ਵਿਖੇ ਡੋਰ ਟੂ ਡੋਰ ਪ੍ਰੋਗਰਾਮ ਕਰਕੇ ਵੋਟਰਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ।