ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੱਧੂ
- ਮੋਫਰ ਪਰਿਵਾਰ ਦੇ ਨਾਲ ਸਰਦੂਲਗੜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਚੁਣਾਵੀਂ ਦੌਰਾ
ਸਰਦੂਲਗੜ, 15 ਮਈ 2024: ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵੱਖ-ਵੱਖ ਪਿੰਡਾਂ ਦਾ ਚੁਣਾਵੀ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਤੇ ਉਹਨਾਂ ਦੇ ਸਪੁੱਤਰ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਸਿੰਘ ਮੋਫਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਦੌਰੇ ਦੌਰਾਨ ਕਾਂਗਰਸ ਉਮੀਦਵਾਰ ਨੂੰ ਹਲਕੇ ਦੇ ਵਿੱਚੋਂ ਵੱਡਾ ਸਮਰਥਨ ਮਿਲਿਆ ਅਤੇ ਕਈ ਥਾਂ ਵੱਖ ਵੱਖ ਪਾਰਟੀਆਂ ਦੇ ਸਿਆਸੀ ਕਾਰਕੁਨਾਂ ਵੱਲੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ, ਜਿਨਾਂ ਨੂੰ ਸਰਦਾਰ ਸਿੱਧੂ ਦੇ ਵੱਲੋਂ ਕਾਂਗਰਸ ਦੇ ਚਿੰਨ ਵਾਲਾ ਸਿਰੋਪਾ ਭੇਟ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਆਪਣੇ ਭਾਸ਼ਣ ਦੌਰਾਨ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਕ ਪਾਸੇ ਬਾਦਲ ਪਰਿਵਾਰ ਵਿਕਾਸ ਦਾ ਰੌਲਾ ਪਾ ਰਿਹਾ ਹੈ। ਪਰ ਦੂਜੇ ਪਾਸੇ ਕਿੰਨੇ ਦੁੱਖ ਦੀ ਗੱਲ ਹੈ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ 15 ਸਾਲ ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਵਿੱਚ ਹਾਲੇ ਵੀ ਲੋਕ ਪੀਣ ਵਾਲੇ ਸਾਫ ਪਾਣੀ ਨੂੰ ਤਰਸ ਰਹੇ ਹਨ। ਉਹਨਾਂ ਕਿਹਾ ਕਿ ਸ਼ਹਿਰਾਂ ਦੇ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਅਤੇ ਸੜਕਾਂ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਹਨ। ਇਸ ਪਾਸੇ ਨਾ ਤਾਂ ਕੇਂਦਰ ਸਰਕਾਰ ਦਾ ਧਿਆਨ ਹੈ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਲੋਕਾਂ ਦੀ ਕੋਈ ਫਿਕਰ ਹੈ।ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਹ ਸਿਆਸੀ ਪਾਰਟੀ ਹੈ ਜਿਸਨੇ ਕਿਸਾਨਾਂ 'ਤੇ ਅੱਤਿਆਚਾਰ ਕੀਤੇ ਹਨ ਜਿਸ ਨੂੰ ਕੋਈ ਵੀ ਪੰਜਾਬੀ ਨਹੀਂ ਭੁੱਲ ਸਕਦਾ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਵੀ ਅੰਦਰੋਂ ਅੰਦਰੀ ਭਾਜਪਾ ਨਾਲ ਸਾਂਝ ਹੈ ਜਿਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਇਆ ਇੱਕ ਵੋਟ ਵੀ ਭਾਜਪਾ ਦੇ ਖਾਤੇ ਵਿੱਚ ਜਾਵੇਗਾ। ਜਿਸ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ।
ਆਮ ਆਦਮੀ ਪਾਰਟੀ 'ਤੇ ਸਿਆਸੀ ਹਮਲੇ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਨੇ ਅੱਜ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪੇਂਡੂ ਖੇਤਰ ਦੇ ਗਰੀਬ ਵਰਗ ਨੂੰ ਆਰਥਿਕ ਠੁੱਮਣਾ ਦੇਣ ਦੇ ਲਈ ਕਾਂਗਰਸ ਸਰਕਾਰ ਦੇ ਵੱਲੋਂ ਮਨਰੇਗਾ ਸਕੀਮ ਸ਼ੁਰੂ ਕੀਤੀ ਗਈ ਸੀ ਪ੍ਰੰਤੂ ਅੱਜ ਉਹ ਬੰਦ ਹੋਣ ਦੇ ਕਿਨਾਰੇ ਹੈ। ਇਸੇ ਤਰ੍ਹਾਂ ਆਟਾ ਦਾਲ ਸਕੀਮ, ਬੁਢਾਪਾ ਤੇ ਵਿਧਵਾ ਪੈਨਸ਼ਨਾਂ ਸਹਿਤ ਹਰ ਸਹੂਲਤ ਠੱਪ ਪਈ ਹੈ। ਕਾਂਗਰਸ ਪਾਰਟੀ ਵੱਲੋਂ ਆਮ ਲੋਕਾਂ ਦੀ ਬਾਂਹ ਫੜਨ ਦਾ ਭਰੋਸਾ ਦਵਾਉਂਦਿਆਂ ਸਰਦਾਰ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਜੋ ਕੁਝ ਪਹਿਲਾਂ ਕਿਹਾ ਹੈ ਉਹ ਕਰਕੇ ਵੀ ਦਿਖਾਇਆ ਹੈ ਅਤੇ ਹੁਣ ਫਿਰ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਦੇਸ਼ ਦੇ ਵੋਟਰਾਂ ਨੂੰ 10 ਗਰੰਟੀਆਂ ਦਿੱਤੀਆਂ ਹਨ। ਜਿਸ ਦੇ ਵਿੱਚ ਕੇਂਦਰ ਦੀਆਂ 30 ਲੱਖ ਸਰਕਾਰੀ ਨੌਕਰੀਆਂ ਦੇਣ ਤੋਂ ਇਲਾਵਾ ਐਮਐਸਪੀ 'ਤੇ ਕਿਸਾਨਾਂ ਦੀਆਂ ਫਸਲਾਂ ਖਰੀਦਣਾ, ਇਕ ਪਰਿਵਾਰ ਦੇ ਇਲਾਜ ਲਈ 25 ਲੱਖ ਦਾ ਸਿਹਤ ਬੀਮਾ ਕਰਨ ਅਤੇ ਭਾਰਤੀ ਫੌਜ ਵਿੱਚ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀ ਵੀਰ ਯੋਜਨਾ ਨੂੰ ਖਤਮ ਕਰਕੇ ਪਹਿਲਾਂ ਦੀ ਤਰ੍ਹਾਂ ਰੈਗੂਲਰ ਫੌਜੀ ਜਵਾਨਾਂ ਨੂੰ ਭਰਤੀ ਕਰਨਾ ਮੁੱਖ ਤਰਜੀਹ ਹੋਵੇਗੀ।
ਉਹਨਾਂ ਸਰਦੂਲਗੜ੍ਹ ਹਲਕੇ ਦੇ ਵੋਟਰਾਂ ਨੂੰ ਕਿਹਾ ਕਿ ਪਹਿਲਾਂ ਮੋਫਰ ਪਿਓ ਪੁੱਤ ਦੀ ਜੋੜੀ ਉਹਨਾਂ ਦੇ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੀ ਹੈ ਤੇ ਹੁਣ ਜਿੱਤਣ ਤੋਂ ਬਾਅਦ ਉਹ ਵੀ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹਿਣਗੇ। ਇਸ ਮੌਕੇ ਅਜੀਤ ਇੰਦਰ ਸਿੰਘ ਮੋਫਰ ਨੇ ਪਾਰਟੀ ਉਮੀਦਵਾਰ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਵੱਡਾ ਇਤਿਹਾਸ ਰਚਣ ਜਾ ਰਹੀ ਹੈ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਜੀਤ ਮਹਿੰਦਰ ਸਿੰਘ ਸਿੱਧ ਦੀ ਜਿੱਤ ਦੇ ਵਿੱਚ ਸਰਦੂਲਗੜ੍ਹ ਦੇ ਲੋਕਾਂ ਦਾ ਵੱਡਾ ਯੋਗਦਾਨ ਹੋਵੇਗਾ।