ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਖੁੱਡੀਆਂ ਦਾ ਇੱਕ ਹੋਰ ਗੁਰਮੀਤ ਸਿੰਘ ਚੋਣ ਮੈਦਾਨ 'ਚ, ਨਾਮਜ਼ਦਗੀ ਪੇਪਰ ਹੋਏ ਮਨਜ਼ੂਰ
ਅੰਮ੍ਰਿਤ ਪਾਲ ਸਿੰਘ ਸਿੱਧੂ
ਬਠਿੰਡਾ 15 ਮਈ 2024: ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਇਸੇ ਪਿੰਡ ਖੁੱਡੀਆਂ ਤੋਂ ਇੱਕ ਹੋਰ ਗੁਰਮੀਤ ਸਿੰਘ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਇੱਕ ਨਕਲੀ ਉਮੀਦਵਾਰ “ਗੁਰਮੀਤ ਸਿੰਘ ਜੋ ਕਿ ਪਿੰਡ ਖੁੱਡੀਆਂ ਨਾਲ ਸਬੰਧਤ ਹੈ, ਨੂੰ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਸਮਰਥਕਾਂ ਨੂੰ ਭਰਮਾਉਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਕੁੱਲ 40 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਿਨ੍ਹਾਂ ਵਿੱਚੋਂ 25 ਸਵੀਕਾਰ ਕੀਤੇ ਗਏ ਹਨ ਜਦੋਂ ਕਿ 15 ਰੱਦ ਹੋ ਗਏ ਹਨ।
ਪੰਜਾਬ ਦੇ ਇਸ ਵੀਆਈਪੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਆਪ ਦੇ ਗੁਰਮੀਤ ਸਿੰਘ ਖੁੱਡੀਆਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਭਾਜਪਾ ਦੀ ਪਰਮ ਪਾਲ ਕੌਰ ਸਿੱਧੂ ਭਾਰਤ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।
ਹਰਸਿਮਰਤ ਕੌਰ ਬਾਦਲ ਆਪਣੇ ਚੌਥੇ ਕਾਰਜਕਾਲ ਲਈ ਜਨਾਦੇਸ਼ ਦੀ ਮੰਗ ਕਰ ਰਹੇ ਹਨ, ਜਦਕਿ ਬਾਕੀ ਪਹਿਲੀ ਵਾਰ ਲੋਕ ਸਭਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਗੁਰਮੀਤ ਸਿੰਘ ਖੁੱਡੀਆਂ ‘ਆਪ’ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਚਾਰ ਵਾਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਹਨ। ਸਾਬਕਾ ਆਈਏਐਸ ਪਰਮ ਪਾਲ ਸਿੱਧੂ ਨੇ ਸਰਗਰਮ ਰਾਜਨੀਤੀ ਵਿੱਚ ਆਉਣ ਲਈ ਹਾਲ ਹੀ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਹੈ। ਉਹ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ।