ਰਵਨੀਤ ਬਿੱਟੂ ਨੇ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
- ਸ਼ਹੀਦ ਸੁਖਦੇਵ ਥਾਪਰ ਦੀ ਸ਼ਹਾਦਤ ਸਾਡੇ ਸਭ ਲਈ ਪ੍ਰੇਰਣਾਦਾਇਕ : ਰਵਨੀਤ ਬਿੱਟੂ
ਲੁਧਿਆਣਾ, 15 ਮਈ 2024 - ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਵਸ ਮੌਕੇ ਉਹਨਾਂ ਦੇ ਜਨਮ ਸਥਾਨ ਪੁੱਜੇ, ਜਿੱਥੇ ਉਹਨਾਂ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਸ਼ਹੀਦ ਥਾਪਰ ਦੇ ਪਰਿਵਾਰਿਕ ਮੈਂਬਰ ਅਸ਼ੋਕ ਥਾਪਰ ਅਤੇ ਤ੍ਰਿਭੁਵਨ ਥਾਪਰ ਨਾਲ ਮੁਲਾਕਾਤ ਕਰਕੇ ਸ਼ਹੀਦ ਥਾਪਰ ਦੀ ਜੀਵਨੀ ਬਾਰੇ ਗੱਲ੍ਹਾਂ ਕੀਤੀਆਂ।
ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਦੇਸ਼ ਦੇ ਮਹਾਨ ਸਪੂਤ ਸ਼ਹੀਦ ਸੁਖਦੇਵ ਥਾਪਰ ਦੀ ਸ਼ਹਾਦਤ ਸਾਡੇ ਸਭ ਲਈ ਪ੍ਰੇਰਣਾਦਾਇਕ ਹੈ, ਜੋ ਸਾਡੇ ਅੰਦਰ ਦੇਸ਼ ਲਈ ਕਰ ਗੁਜਰਨ ਦੀ ਭਾਵਨਾ ਪੈਦਾ ਕਰਦੀ ਹੈ, ਭਰ ਜਵਾਨੀ ‘ਚ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੀ ਸ਼ਹਾਦਤ ਦਾ ਅਸੀਂ ਕਦੇ ਮੁੱਲ ਨਹੀਂ ਮੋੜ ਸਕਦੇ।
ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰਾਂ ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕੀ ਅਸੀਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਈਏ ਤੇ ਉਹਨਾ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ, ਅਗਲੀ ਪੀੜ੍ਹੀ ਨੂੰ ਸੰਦੇਸ਼ ਦਈਏ। ਉਹਨਾਂ ਕਿਹਾ ਕਿ ਸ਼ਹੀਦ ਕਿਸੇ ਪਾਰਟੀ ਦੇ ਨਹੀਂ ਬਲਕਿ ਦੇਸ਼ ਦੇ ਸ਼ਹੀਦ ਹਨ ਇਸ ਲਈ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਸਾਡਾ ਫਰਜ਼ ਹੈ, ਏਹੀ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਹੈ।