ਮੁਲਕ ਵਿਚੋਂ ਮਹਿੰਗਾਈ, ਬੇਰੋਜ਼ਗਾਰੀ ਅਤੇ ਗਰੀਬੀ ਦੇ ਖ਼ਾਤਮੇ ਲਈ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉ - ਬਲਬੀਰ ਸਿੱਧੂ
ਹਰਜਿੰਦਰ ਸਿੰਘ ਭੱਟੀ
- ਸੈਕਟਰ 80 ਵਿਚ ਪਾਰਟੀ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ
ਐਸ.ਏ.ਐਸ. ਨਗਰ, 16 ਮਈ 2024: ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸੂਬੇ ਦੇ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਉਹ ਮੁਲਕ ਵਿਚੋਂ ਮਹਿੰਗਾਈ, ਬੇਰੋਜ਼ਗਾਰੀ ਅਤੇ ਗਰੀਬੀ ਖ਼ਤਮ ਕਰਨ ਲਈ ਆਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਕੇਂਦਰ ਵਿਚ ਲੋਕ ਵਿਰੋਧੀ ਮੋਦੀ ਰਾਜ ਦਾ ਖ਼ਾਤਮਾ ਕੀਤਾ ਜਾ ਸਕੇ।
ਸ਼੍ਰੀ ਸਿੱਧੂ ਨੇ ਸੈਕਟਰ 80 ਵਿਚ ਪਾਰਟੀ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਪਾਰਟੀ ਵਰਕਰਾਂ ਤੇ ਸ਼ਹਿਰੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੇ 10 ਸਾਲਾਂ ਦੇ ਰਾਜ ਵਿਚ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ 400 ਰੁਪਏ ਕਰੀਬ ਤੋਂ ਵੱਧ ਕੇ ਤਕਰੀਬਨ 1100 ਰੁਪਏ ਹੋ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵੀ ਤਕਰੀਬਨ ਦੁੱਗਣੀਆਂ ਹੋ ਜਾਣ ਕਾਰਨ ਹਰ ਆਮ ਸ਼ਹਿਰੀ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਇਹ ਮਹਿੰਗਾਈ ਮੋਦੀ ਸਰਕਾਰ ਵਲੋਂ ਸਾਰੇ ਮੁਲਕ ਦੇ ਕਾਰੋਬਾਰ ਨੂੰ ਕੁਝ ਕੁ ਬਹੁਕੌਮੀ ਕੰਪਨੀਆਂ ਕੋਲ ਗਹਿਣੇ ਰੱਖ ਦੇਣ ਕਾਰਨ ਵੱਧੀ ਹੈ ਤੇ ਇਸ ਦਾ ਹੱਲ ਕੇਂਦਰ ਵਿਚ ਮੋਦੀ ਸਰਕਾਰ ਨੂੰ ਚਲਦਾ ਕਰ ਕੇ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਲੋਕ ਪੱਖੀ ਸਰਕਾਰ ਬਣਾ ਕੇ ਨਿਕਲ ਸਕਦਾ ਹੈ। ਉਹਨਾਂ ਕਿਹਾ ਕਿ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਸਰਕਾਰ ਵਲੋਂ ਬੀ.ਐਸ.ਐਨ.ਐਲ. ਵਰਗੀਆਂ ਵੱਡਾ ਮੁਨਾਫਾ ਕਮਾ ਰਹੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਇੱਕ ਗਿਣੀ ਮਿੱਥੀ ਚਾਲ ਤਹਿਤ ਖਾਤਮਾ ਕੀਤਾ ਗਿਆ ਜਿਸ ਕਾਰਨ ਲੱਖਾਂ ਸਰਕਾਰੀ ਨੌਕਰੀਆਂ ਖ਼ਤਮ ਹੋ ਗਈਆਂ ਤੇ ਬੇਰੋਜ਼ਗਾਰੀ ਵੱਧ ਗਈ।
ਸ਼੍ਰੀ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੂੰ ਝੂਠਾ ਤੇ ਫਰੇਬੀ ਵਿਅਕਤੀ ਗਰਦਾਨਦਿਆਂ ਕਿਹਾ ਕਿ ਇਹ ਕੋਈ ਪਤਾ ਨਹੀਂ ਕਿ ਆਮ ਆਦਮੀ ਪਾਰਟੀ ਦਾ ਊਠ ਚੋਣਾਂ ਤੋਂ ਬਾਅਦ ਕਿਸ ਕਰਵਟ ਬੈਠਦਾ ਹੈ, ਇਸ ਲਈ ਹਰ ਹਲਕੇ ਤੋ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਹੀ ਮੋਦੀ ਰਾਜ ਦੇ ਖਾਤਮੇ ਦੀ ਗਰੰਟੀ ਹੋ ਸਕਦੀ ਹੈ।
ਸ਼੍ਰੀ ਸਿੱਧੂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਗਲ੍ਹੇ 15 ਦਿਨ ਆਪੋ ਆਪਣਾ ਧਰਮ ਸਮਝਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣ।