ਆਮ ਪਰਿਵਾਰਾਂ ਵਿੱਚੋਂ ਆਏ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਨਹੀਂ ਕਰਨਗੇ ਨਿਰਾਸ਼ - ਮੁੱਖ ਮੰਤਰੀ ਭਗਵੰਤ ਮਾਨ
ਰੋਹਿਤ ਗੁਪਤਾ
ਗੁਰਦਾਸਪੁਰ 16 ਮਈ 2024 - ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਹਲਕਾ ਕਾਦੀਆਂ ਚ ਰੈਲੀ ਨੂੰ ਸੰਬੋਧਨ ਕੀਤਾ । ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਹਲਕੇ ਦੇ ਲੋਕਾਂ ਦੀਆ ਮੰਗਾ ਤੋ ਮੁੱਖ ਮੰਤਰੀ ਨੂੰ ਜਾਨੂ ਕਰਾਉਂਦਿਆਂ ਝੋਨਾ ਤੋਂ ਤੁਰੰਤ ਬਾਅਦ ਇਹਨਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ। ਉਥੇ ਹੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਸਮਰਥਨ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਜੋ ਵੀ ਇਥੇ ਉਮੀਦਵਾਰ ਆਏ ਉਹ ਜਿੱਤ ਕੇ ਕਦੇ ਵੀ ਲੋਕਾਂ ਦੀਆ ਉਮੀਦਾਂ ਤੇ ਖਰੇ ਨਹੀਂ ਉਤਰੇ ਪਰ ਆਮ ਆਦਮੀ ਪਾਰਟੀ ਦੇ ਆਗੂ ਛੋਟੇ ਘਰਾਂ ਚੋ ਆਏ ਹਨ । ਉਹ ਸੂਬੇ ਦੇ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਕਰਨਗੇ। ਉਥੇ ਹੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ | ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਬਚਾਓ ਯਾਤਰਾ ਤੇ ਵੀ ਸਵਾਲ ਚੁੱਕੇ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਲੈਕੇ ਵੀ ਉਹਨਾਂ ਨੇ ਵਿਰੋਧੀਆਂ ਤੇ ਤੰਜ ਕੱਸਦਿਆਂ ਕਿਹਾ ਕਿ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ, ਦਰਿਆ ਆਪਣਾ ਰਾਸਤਾ ਆਪ ਬਣਾਉਂਦੇ ਹਨ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪਹਿਲਾ ਗੁਰਦਾਸਪੁਰ ਨੇ ਅਭਿਨੇਤਾ ਚੁਣੇ ਹਨ ਅਤੇ ਹੁਣ ਮੌਕਾ ਹੈ ਕਿ ਆਪਣੇ ਸਥਾਨਿਕ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਅੱਗੇ ਲਿਆਓ | ਇਸ ਦੇ ਨਾਲ ਹੀ ਉਹਨਾਂ ਸੂਬੇ ਦੇ ਕਿਸਾਨਾਂ ਨੂੰ 15 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਅਤੇ ਝੋਨੇ ਦੀ ਪੂਸਾ 44 ਦੀ ਥਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਪੀ ਆਰ 126,127,128,129 ਬੀਜਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੁਣ ਪੰਜਾਬ ਕੋਲ ਵਾਧੂ ਬਿਜਲੀ ਹੈ ਅਤੇ ਪੰਜਾਬ ਬਿਜਲੀ ਵੇਚ ਰਿਹਾ ਹੈ। ਕਿਸਾਨਾਂ ਨੂੰ 24 ਘੰਟੇ ਬਿਜਲੀ ਅਤੇ ਖੁੱਲਾ ਨਹਿਰੀ ਪਾਣੀ ਮਿਲੇਗਾ। ਇਸ ਦੌਰਾਨ ਉਹਨਾਂ ਨੇ ਮਾਤਾਵਾਂ ਭੈਣਾਂ ਨੂੰ 1000 ਰੁਪਿਆਂ ਦੇਣ ਦੀ ਗਰੰਟੀ ਨੂੰ ਵੀ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ।