ਇਤਿਹਾਸਕ ਧਰਤੀ ਫ਼ਤਿਹਗੜ੍ਹ ਸਾਹਿਬ ਦਾ ਵਿਕਾਸ ਸਿਰਫ਼ ਕਾਂਗਰਸ ਸਰਕਾਰਾਂ ਵੇਲੇ ਹੋਇਆ : ਡਾ. ਅਮਰ ਸਿੰਘ
ਦੀਦਾਰ ਗੁਰਨਾ
- ਕਾਂਗਰਸ ਪਾਰਟੀ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਦੇਖ ਕੇ ਵੋਟਾਂ ਪਾਉਣਗੇ ਲੋਕ: ਕੁਲਜੀਤ ਨਾਗਰਾ
ਸ਼੍ਰੀ ਫਤਿਹਗੜ੍ਹ ਸਾਹਿਬ, 15 ਮਈ 2024 - ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਸਥਾਨਕ ਸ਼ਹਿਰ ਦੇ ਬਜ਼ਾਰਾਂ ਚ ਡੋਰ-ਟੂ-ਡੋਰ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਕਿ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਨੂੰ ਜੇਕਰ ਜ਼ਿਲ੍ਹਾ ਬਣਾਇਆ ਤਾਂ ਉਹ ਕਾਂਗਰਸ ਸਰਕਾਰ ਨੇ ਬਣਾਇਆ, ਫ਼ਤਹਿਗੜ੍ਹ ਸਾਹਿਬ ਦੇ ਆਲੇ ਦੁਆਲੇ ਚਾਰ ਗੇਟ ਬਣਾਏ ਤਾਂ ਉਹ ਕਾਂਗਰਸ ਸਰਕਾਰ ਨੇ ਬਣਾਏ ਤੇ ਹੁਣ ਪਿਛਲੇ ਪੰਜ ਸਾਲ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਵੱਡੇ ਪੱਧਰ ਉਤੇ ਵਿਕਾਸ ਕਾਰਜ ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ-ਭਾਜਪਾ ਦੀ ਸਰਕਾਰ ਰਹੀ, ਉਦੋਂ ਪੰਥ ਤੇ ਧਰਮ ਦੇ ਨਾਂ ਉਤੇ ਵੋਟਾਂ ਮੰਗਣ ਵਾਲਿਆਂ ਨੇ ਇਸ ਇਤਿਹਾਸਕ ਧਰਤੀ ਦੀ ਕਦੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਉਦੇਸ਼ ਕੇਵਲ ਦੇਸ਼ ਦਾ ਵਿਕਾਸ ਤੇ ਦੇਸ਼ ਦੀ ਖੁਸ਼ਹਾਲੀ ਹੈ। ਕਾਂਗਰਸ ਪਾਰਟੀ ਕੰਮ ਕਰਕੇ ਦਿਖਾਉਣ ਵਿੱਚ ਯਕੀਨ ਰੱਖਦੀ ਹੈ ਤੇ ਅਕਾਲੀ ਦਲ ਭਾਜਪਾ ਵਾਂਗ ਸੌੜੇ ਹੱਥਕੰਡੇ ਨਹੀਂ ਵਰਤਦੀ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਜੇ ਉਨ੍ਹਾਂ ਨੂੰ ਇਸ ਇਤਿਹਾਸਕ ਧਰਤੀ ਦੀ ਸੇਵਾ ਦਾ ਦੁਬਾਰਾ ਮੌਕਾ ਮਿਲਿਆ ਤਾਂ ਉਹ ਦਿੱਲੀ ਵਿੱਚ ਇਸ ਹਲਕੇ ਦੀ ਆਵਾਜ਼ ਤਾਂ ਬੁਲੰਦ ਕਰਨਗੇ ਹੀ ਨਾਲ ਦੀ ਨਾਲ ਇਸ ਹਲਕੇ ਦੇ ਵਿਕਾਸ ਲਈ ਵੀ ਦਿਨ ਰਾਤ ਇੱਕ ਕਰ ਦੇਣਗੇ। ਆਪ ਪਾਰਟੀ ਨੂੰ ਘੇਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਆਮ ਆਦਮੀ ਦਾ ਨਾਅਰਾ ਲੈਕੇ ਸੱਤਾ ਚ ਆਈ ਆਪ ਲੋਟੂ ਸਰਕਾਰ ਹੈ ਜਿਸਨੇ ਲੰਘੇਂ ਦੋ ਸਾਲਾਂ ਚ ਪੰਜਾਬ ਦੇ ਲੋਕਾਂ ਨੂੰ ਸਿਰਫ ਮੂਰਖ ਬਣਾਇਆ ਹੈ।
ਇਸ ਮੌਕੇ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕਾਂਗਰਸ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਡਾ. ਅਮਰ ਸਿੰਘ ਵਲੋਂ ਬਤੌਰ ਮੈਂਬਰ ਪਾਰਲੀਮੈਂਟ ਕਰਵਾਏ ਵਿਕਾਸੀ ਕਾਰਜਾਂ ਤੋਂ ਹਲਕੇ ਦੇ ਲੋਕ ਪੂਰੀ ਤਰ੍ਹਾਂ ਖੁਸ਼ ਹਨ ਜਿਸ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਫਤਹਿਗੜ੍ਹ ਸਾਹਿਬ ਚੋਂ ਕਾਂਗਰਸ ਦੂਹਰੀ ਜਿੱਤ ਹਾਸਲ ਕਰੇਗੀ। ਲੋਕਾਂ ਦਾ ਆਪ ਮੁਹਾਰੇ ਕਾਂਗਰਸ ਵੱਲ ਝੁਕਾਅ ਦੱਸਦਾ ਹੈ ਕਿ ਡਾ. ਅਮਰ ਸਿੰਘ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ।
ਉਧਰ ਡੋਰ-ਟੂ-ਡੋਰ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਥਾਵਾਂ ਉੱਤੇ ਡਾ. ਅਮਰ ਸਿੰਘ ਦਾ ਭਰਵਾਂ ਸਵਾਗਤ ਹੋਇਆ। ਥਾਂਈ-ਥਾਂਈ ਲੋਕਾਂ ਵਲੋਂ ਸਿਰੋਪਾਓ ਅਤੇ ਫੁੱਲਾਂ ਦੀ ਵਰਖਾ ਨਾਲ ਆਪਣੇ ਅਜੀਜ ਨੇਤਾ ਦਾ ਸਵਾਗਤ ਕੀਤਾ। ਦੁਕਾਨਦਾਰਾਂ ਨੇ ਇਸ ਮੌਕੇ ਡਾ. ਅਮਰ ਸਿੰਘ ਨੂੰ ਆਪਣੇ ਦੁੱਖ ਦੱਸਦਿਆਂ ਕਿਹਾ ਕਿ ਜੀ.ਐਸ.ਟੀ ਵਰਗੇ ਕਾਲੇ ਕਾਨੂੰਨਾਂ ਨੇ ਛੋਟੇ ਵਪਾਰੀਆਂ ਨੂੰ ਖਤਮ ਕਰ ਦਿੱਤਾ ਹੈ। ਡਾ. ਅਮਰ ਸਿੰਘ ਨੇ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਆਉਣ ਉੱਤੇ ਹਰੇਕ ਵਰਗ ਦੀ ਬਾਂਹ ਫੜ੍ਹੀ ਜਾਵੇਗੀ।ਇਸ ਮੌਕੇ ਨਗਰ ਕੌਂਸਲ ਪ੍ਰਧਾਨ,ਬਲਾਕ ਪ੍ਰਧਾਨ,ਕੌਂਸਲਰ,ਸ,ਸਰਪੰਚ,ਪੰਚ,ਕਾਂਗਰਸ ਪਾਰਟੀ ਦੇ ਅਹੁਦੇਦਾਰ,ਵਰਕਰ,ਆਗੂ ਤੇ ਸ਼ਹਿਰ ਵਾਸੀ ਹਾਜ਼ਰ ਸਨ।