ਅਜ਼ਾਦ ਉਮੀਦਵਾਰ ਨੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਨਾਮਜ਼ਦਗੀ ਕਾਗਜ ਲਏ ਵਾਪਿਸ
- ਇੰਡੀਆ ਅਲਾਇਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਕਰਾਂਗੇ ਮਿਹਨਤ
- ਨਾਮਜ਼ਦਗੀ ਕਾਗਜ ਵਾਪਿਸ ਲੈਣ ਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ ਸੁਆਗਤ
ਚੰਡੀਗੜ੍ਹ, 17 ਮਈ, 2024: ਲੋਕ ਚੋਣਾਂ ਵਿੱਚ ਚੰਡੀਗੜ੍ਹ ਤੋਂ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸ਼ਕੀਲ ਮੁਹੰਮਦ ਨੇ ਅੱਜ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲੈ ਲਏ ਹਨ। ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਸ਼ਕੀਲ ਮੁਹੰਮਦ ਵਲੋਂ ਇੰਡੀਆ ਅਲਾਇੰਸ ਦੇ ਸਮਰਥਨ ਵਿੱਚ ਕਾਗਜ ਵਾਪਿਸ ਲੈਣ ਤੇ ਸੁਆਗਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਕੁਲਦੀਪ ਕੁਮਾਰ, ਕੌਂਸਲਰ ਪ੍ਰੇਮ ਲਤਾ, ਹਰਦੀਪ ਸਿੰਘ ਬੁਟੇਰਲਾ, ਆਪ ਆਗੂ ਚੰਦਰਮੁਖੀ ਸ਼ਰਮਾਂ, ਡਾ. ਹਰਮੀਤ ਸਿੰਘ, ਸੰਦੀਪ ਕੁਮਾਰ ਅਤੇ ਹੋਰ ਆਗੂ ਮੌਜੂਦ ਰਹੇ।
ਸ਼ਕੀਲ ਮੁਹੰਮਦ ਨੇ ਇਸ ਮੌਕੇ ਉਤੇ ਕਿਹਾ ਕਿ ਅੱਜ ਉਨ੍ਹਾਂ ਨੇ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਦੇਸ਼ ਅੰਦਰ ਬੀਜੇਪੀ ਦੁਆਰਾ ਡਰ ਦਾ ਮਹੌਲ ਬਣਾਇਆ ਗਿਆ ਹੈ। ਇਸ ਸਮੇਂ ਦੇਸ਼ ਨੂੰ ਬਚਾਉਣਾ ਬਹੁਤ ਜਰੂਰੀ ਹੈ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਬਿਨ੍ਹਾਂ ਕਿਸੇ ਸਬੂਤ ਦੇ ਜੇਲਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਵਿਕਾਸ ਪੱਖੋਂ ਦੇਸ਼ ਬਹੁਤ ਪਿੱਛੇ ਚਲਾ ਗਿਆ ਹੈ।
ਚੰਡੀਗੜ੍ਹ ਵਿੱਚ ਬੀਜੇਪੀ ਵਲੋਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਗਿਆ ਹੈ। ਇਸ ਕਰਕੇ ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ, ਪਰ ਅੱਜ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰੇ ਦਿੰਦੇ ਹੋਏ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲਏ ਹਨ। ਉਨ੍ਹਾ ਕਿਹਾ ਕਿ ਉਹ ਮਨੀਸ਼ ਤਿਵਾੜੀ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਦਿਨ–ਰਾਤ ਮਿਹਨਤ ਕਰਨਗੇ ਅਤੇ ਉਨ੍ਹਾਂ ਨੂੰ ਜਿਤਾ ਕੇ ਲੋਕਸਭਾ ਵਿੱਚ ਭੇਜਣਗੇ।
ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਵਿੱਚ ਬੀਜੇਪੀ ਦੁਆਰਾ ਮੇਅਰ ਚੋਣ ਵਿੱਚ ਕੀਤੀ ਗਈ ਲੋਕਤੰਤਰ ਦੀ ਹੱਤਿਆ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਤੱਕ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਬੀਜੇਪੀ ਵਲੋਂ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਦਾ ਲੋਕਸਭਾ ਚੋਣਾਂ ਵਿੱਚ ਸਹਾਰਾ ਲਿਆ ਜਾ ਰਿਹਾ ਹੈ। ਇਸ ਲਈ ਚੰਡੀਗੜ੍ਹ ਦੇ ਲੋਕ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ।