ਬੰਗਾ ਇਲਾਕਾ ਵਾਸੀ ਡਾ ਸੁਭਾਸ਼ ਸ਼ਰਮਾ ਦੀ ਜਿੱਤ ਵਿਚ ਨਿਭਾਉਣਗੇ ਅਹਿਮ ਭੂਮਿਕਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 17 ਮਈ 2024 - ਭਾਰਤੀ ਜਨਤਾ ਪਾਰਟੀ ਦੇ ਲੋਕਸਭਾ ਹਲਕਾ ਸ਼੍ਰੀ ਅੰਨਦਪੁਰ ਸਾਹਿਬ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਅੱਜ ਬੰਗਾ ਦੇ ਪਿੰਡਾਂ ਵਿਚ ਆਯੋਜਿਤ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਮ ਵਰਗ ਲਈ ਲਾਮਿਸਾਲ ਤਰੀਕੇ ਨਾਲ ਚੱਲ ਰਹੀਆਂ ਮੋਦੀ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਨਾਲ ਬੰਗਾ ਵਾਸੀਆਂ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਯੁਸ਼ਮਾਨ ਬੀਮਾ ਯੋਜਨਾ ਅਧੀਨ ਦੇਸ਼ ਭਰ ਦੇ ਕਰੋੜਾਂ ਅਜਿਹੇ ਲਾਚਾਰ ਅਤੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਮਰੀਜ਼ਾਂ ਲਈ ਨਵੀਂ ਜਿੰਦਗੀ ਬਣਿਆ ਹੈ।
ਉਹਨਾਂ ਕਿਹਾ ਕਿ ਮੋਦੀ ਨੇ ਹਰ ਵਰਗ ਲਈ ਉਹਨਾਂ ਦੀ ਜਰੂਰਤ ਮੁਤਾਬਿਕ ਯੋਜਨਾਵਾਂ ਨੂੰ ਤਿਆਰ ਕੀਤਾ ਅਤੇ ਸਹੀ ਢੰਗ ਨਾਲ ਲੋੜਵੰਦ ਲੋਕਾਂ ਤੱਕ ਉਹਨਾਂ ਨੂੰ ਕਾਮਯਾਬ ਅਤੇ ਜੋਰਦਾਰ ਢੰਗ ਨਾਲ ਉਹਨਾਂ ਤੱਕ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਦੀ ਸਾਬਕਾ ਸਰਕਾਰਾਂ ਸਮੇਂ ਯੋਜਨਾਵਾਂ ਕਾਗਜਾਂ ਤੇ ਚਲਦੀਆਂ ਸਨ ਤੇ ਉਹਨਾਂ ਦਾ ਪੈਸਾ ਆਗੂਆਂ ਅਤੇ ਅਫ਼ਸਰਾਂ ਦੀ ਜੇਬਾਂ ਵਿੱਚ ਜਾਂਦਾ ਸੀ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੌਜਨਾ ਤਹਿਤ ਲੱਖਾਂ ਜਰੂਰਤਮੰਦ ਲੋਕਾਂ ਨੂੰ ਘਰ ਦਿੱਤੇ ਗਏ, ਜਿਨਾਂ ਦੇ ਘਰ ਦੀਆਂ ਛੱਤਾਂ ਟੁੱਟੀਆਂ ਸਨ ਉਹਨਾਂ ਨੂੰ ਘਰ ਬਣਾਉਣ ਲਈ 2-2 ਲੱਖ ਰੁਪਏ ਯੋਜਨਾ ਮੁਤਾਬਿਕ ਦਿੱਤੇ ਗਏ। ਇਸ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਭਾਰਤ ਦੇ ਕਰੀਬ 11 ਕਰੋੜ ਪਰਿਵਾਰ ਨੂੰ ਪਖਾਨੇ ਬਣਾਕੇ ਦਿੱਤੇ ਗਏ। ਜਿਨਾਂ ਲੋਕਾਂ ਦੇ ਅੱਜ ਤੱਕ ਬੈਂਕ ਖਾਤੇ ਨਹੀਂ ਖੁਲੇ ਸਨ ਉਨਾਂ ਜਰੂਰਤਮੰਦ ਵਿਅਕਤੀਆਂ ਦੇ ਬੈਂਕ ਖਾਤੇ ਖੁਲਵਾਏ ਗਏ ਅਤੇ ਉਹਨਾਂ ਵਿੱਚ ਮਹਿਲਾਵਾਂ ਅਤੇ ਬੁਜ਼ਰਗਾਂ ਨੂੰ ਕਰੋਨਾ ਦੇ ਸਮੇਂ 500 ਰੁਪਏ ਅਤੇ ਕਿਸਾਨਾਂ ਨੂੰ ਸਬਸਿਡੀ ਦੇ ਤੌਰ ਤੇ 6000 ਰੁਪਏ ਸਾਲਾਨਾ ਦਿੱਤਾ ਜਾ ਰਿਹਾ ਹੈ। ਡਾਕਟਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਦੇਸ਼ ਦੇ ਨੌਜਵਾਨਾਂ ਖਾਸ ਕਰ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਹਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਦੇ ਮੌਕੇ ਮੁਦਰਾ ਯੋਜਨਾ ਦੇ ਤਹਿਤ 20 ਤੋਂ ਲੈ ਕੇ 50 ਹਜਾਰ ਰੁਪਏ ਤੱਕ ਦਾ ਲੋਨ ਅੱਜ ਵੀ ਜਰੂਰਤਮੰਦ ਲੋਕਾਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਲਈ ਦਿੱਤਾ ਜਾ ਰਿਹਾ ਹੈ।