ਡਾ. ਗਾਂਧੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਚ ਦਿਨੋਂ ਦਿਨ ਹੋ ਰਿਹਾ ਵਾਧਾ: ਦੀਪਇੰਦਰ ਢਿੱਲੋਂ
ਕਿਹਾ, ਕਾਂਗਰਸ ਦੀ ਚੜ੍ਹਤ ਵੇਖ ਵਿਰੋਧੀਆਂ ਨੂੰ ਪਈਆਂ ਭਾਜੜਾਂ
ਡੇਰਾਬੱਸੀ , 17 ਮਈ 2024 - ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਹਲਕਾ ਡੇਰਾਬੱਸੀ ਤੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਦਿਨੋਂ ਦਿਨ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਹ ਗੱਲ ਹਲਕਾ ਕਾਂਗਰਸ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਡੇਰਾਬੱਸੀ ਦੇ ਪਿੰਡ ਬਹੋੜਾ, ਬਹੋੜੀ, ਇਬਰਾਹਿਮਪੁਰ, ਪਰਾਗਪੁਰ, ਬਾਕਰਪੁਰ ਸਮੇਤ ਵੱਖ ਵੱਖ ਪਿੰਡਾਂ ਵਿੱਚ ਕਿਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਮਿਹਨਤ ਦੇ ਚੱਲਦਿਆਂ ਹਲਕਾ ਡੇਰਾਬੱਸੀ ਵਿੱਚ ਡਾ ਗਾਂਧੀ ਦਾ ਗ੍ਰਾਫ ਵਧਦਾ ਜਾ ਰਿਹਾ ਹੈ ਅਤੇ ਕਾਂਗਰਸ ਦੀ ਚੜ੍ਹਾਈ ਦੇਖ ਕੇ ਆਉਣ ਵਾਲੇ ਦਿਨਾਂ ਵਿੱਚ ਵਿਰੋਧੀਆਂ ਨੂੰ ਭਾਜੜਾਂ ਪੈ ਜਾਣੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਹਲਕੇ ਵਿੱਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ।
ਉਹਨਾਂ ਕਿਹਾ ਕਿ ਝੂਠ ਦੀ ਪੰਡ ਆਪ ਪਾਰਟੀ ਦਾ ਕੋਈ ਵਜ਼ੂਦ ਨਹੀਂ ਹੈ ਤੇ ਸੂਬੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਹਾਲਤ ਬਹੁਤ ਪਤਲੀ ਹੈ ਤੇ ਇਹ ਤੀਜੇ- ਚੌਥੇ ਨੰਬਰ ਤੇ ਆਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਝੂਠੀਆਂ ਅਫਵਾਹਾਂ ਫੈਲਾ ਕੇ ਤੇ ਆਪਣੇ ਹੀ ਬੰਦਿਆਂ ਨੂੰ ਸਿਰੋਪੇ ਪਾ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਜਦਕਿ ਲੋਕ ਅਸਲੀਅਤ ਚੰਗੀ ਤਰਾਂ ਜਾਣਦੇ ਹਨ। ਢਿੱਲੋਂ ਨੇ ਕਿਹਾ ਕਿ ਕਾਂਗਰਸ ਤੋਂ ਇਲਾਵਾ ਕਿਸੇ ਵੀ ਪਾਰਟੀ ਕੋਲ ਦੇਸ਼ ਹਿੱਤ ਚ ਸਪੱਸਟ ਵੀਜ਼ਨ ਨਹੀਂ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿੰਨੀ ਵੀ ਤਰੱਕੀ ਹੋਈ ਉਹ ਕਾਂਗਰਸ ਸਮੇਂ ਹੀ ਹੋਈ। ਜਹਾਜ਼, ਰੇਲਾਂ ਬਣਾਉਣ ਦੇ ਕਾਰਖਾਨਿਆਂ ਸਮੇਤ ਹੋਰ ਕਿੰਨਾ ਕੁਝ ਕਾਂਗਰਸ ਸਮੇ ਹੀ ਹੋਇਆ। ਦੀਪਇੰਦਰ ਢਿੱਲੋਂ ਨੇ ਕਿਹਾ ਕਿ ਕੀ ਇਹ ਸਾਰੀਆਂ ਤਰੱਕੀਆਂ ਮੋਦੀ ਦੇ 10 ਸਾਲਾਂ ਦੇ ਕਾਰਜਕਾਲ ਵਿਚ ਹੋਈਆਂ ?
ਮੋਦੀ ਨੇ ਤਾਂ 10 ਸਾਲ ਦੇਸ਼ ਵਿੱਚ ਧਾਰਮਿਕ ਪੱਖਪਾਤ ਅਤੇ ਮਹਿੰਗਾਈ ਹੀ ਵਧਾਈ ਹੈ ਹੋਰ ਨਹੀਂ ਕੁਝ ਕੀਤਾ। ਉਹਨਾਂ 1 ਜੂਨ ਨੂੰ ਕਾਂਗਰਸ ਨੂੰ ਵੋਟਾਂ ਪਾ ਕੇ ਡਾ ਧਰਮਵੀਰ ਗਾਂਧੀ ਦੇ ਹੱਥ ਮਜਬੂਤ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਕਾਂਗਰਸ ਦਾ ਸਾਥ ਦੇਣਾ ਪੈਣਾ ਹੈ। ਇਸ ਮੌਕੇ ਰਣਜੀਤ ਸਿੰਘ,ਇੰਦਰਜੀਤ ਸਿੰਘ , ਗੁਰਨਾਮ ਸਿੰਘ ,ਡੋਗਰ ਸਿੰਘ ਸਰਪੰਚ, ਹਰੀ ਸਿੰਘ ਸਰਪੰਚ, ਕਾਲਾ ਪਰਾਗਪੁਰ ਸਮੇਤ ਹੋਰ ਸਮਰਥਕ ਵੀ ਮੌਜੂਦ ਸਨ।