ਕਾਂਗਰਸ ਹੀ ਮੋਦੀ ਸਰਕਾਰ ਵਿਰੁੱਧ ਲੜਾਈ ਲੜ ਕੇ ਉਸਨੂੰ ਹਰਾ ਸਕਦੀ ਹੈ- ਉਦੈਵੀਰ ਢਿੱਲੋਂ
ਜ਼ੀਰਕਪੁਰ/17 ਮਈ 2024 - ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਲੋਕ ਲਗਾਤਾਰ ਲਾਮਬੱਧ ਹੋ ਰਹੇ ਹਨ।
ਇਹ ਵਿਚਾਰ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਵੱਲੋਂ ਹਲਕੇ ਦੇ ਪਿੰਡ ਭਗਵਾਸੀ, ਮੀਆਂ ਪੁਰ, ਸਤਾਬਗੜ੍ਹ, ਲੋਹਗੜ੍ਹ, ਬਲਟਾਣਾ , ਛੱਤ, ਘੋਲੂ ਮਾਜਰਾ, ਚੌਂਦਹੇੜੀ, ਦੱਪਰ ਕਲੋਨੀ ਵਿਖੇ ਕਾਂਗਰਸੀ ਸਮਰਥਕਾਂ ਦੀ ਮੀਟਿੰਗ ਦੌਰਾਨ ਪ੍ਰਗਟਾਏ। ਉਹਨਾਂ ਕਿਹਾ ਕਿ ਡਾ. ਧਰਮਵੀਰ ਗਾਂਧੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਉਹਨਾ ਦੀ ਬੇਦਾਗ ਸ਼ਖ਼ਸੀਅਤ ਦਾ ਪ੍ਰਭਾਵ ਹੈ ਕਿ ਉਹਨਾਂ ਵਲੋਂ ਜਿਹੜੇ ਪਿੰਡਾਂ ਅਤੇ ਸ਼ਹਿਰਾਂ 'ਚ ਜਨਤਕ ਬੈਠਕਾਂ ਕੀਤੀਆਂ ਜਾਂਦੀਆਂ ਹਨ, ਉਥੇ ਉਹਨਾਂ ਦੇ ਵਿਚਾਰ ਸੁਣਨ ਲਈ ਲੋਕ ਆਪ ਮੁਹਾਰੇ ਹੀ ਪਹੁੰਚ ਜਾਂਦੇ ਹਨ।
ਉਦੈਵੀਰ ਢਿੱਲੋਂ ਨੇ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਓਵੇਂ ਓਵੇਂ ਲੋਕਾਂ ਦਾ ਕਾਂਗਰਸ ਪ੍ਰਤੀ ਸਮਰਥਨ ਵਧ ਰਿਹਾ ਹੈ ਅਤੇ ਲੋਕ ਬੇਹੱਦ ਪਿਆਰ ਅਤੇ ਸਤਿਕਾਰ ਦੇ ਰਹੇ ਹਨ। ਹਲਕਾ ਡੇਰਾਬੱਸੀ ਵਿਚ ਉਹਨਾਂ ਵੱਲੋਂ ਜਿੱਥੇ ਵੀ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਵੋਟਰ ਉਹਨਾਂ ਦੀ ਅਪੀਲ ਤੋਂ ਪਹਿਲਾਂ ਹੀ ਕਾਂਗਰਸ ਨੂੰ ਵੋਟ ਪਾਉਣ ਦਾ ਯਕੀਨ ਦਿਵਾਉਣ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ 'ਨਿਆਂ ਪੱਤਰ' ਨੂੰ ਘਰ-ਘਰ ਲੈ ਕੇ ਜਾ ਰਹੇ ਹਨ ਅਤੇ ਲੋਕ ਉਹਨਾਂ ਦੇ ਸਮਰਥਨ ਦੀ ਹਾਮੀ ਭਰ ਰਹੇ ਹਨ ਕਿਉਂਕਿ ਲੋਕ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਮਹਿੰਗਾਈ ਅਤੇ ਨਫ਼ਰਤ ਦੀ ਸਿਆਸਤ ਤੋਂ ਬੇਹੱਦ ਦੁਖੀ ਹਨ।
ਉਹਨਾਂ ਕਿਹਾ ਕਿ ਅੱਜ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨ-ਮਜ਼ਦੂਰ ਅਤੇ ਲੋਕ ਵਿਰੋਧੀ ਭਾਜਪਾ ਸਰਕਾਰ ਨੂੰ ਹਰਾਉਣ ਲਈ ਇਕਜੁੱਟ ਹੋਣ। ਉਹਨਾਂ ਕਿਹਾ ਕਿ ਸਿਰਫ਼ ਕਾਂਗਰਸ ਹੀ ਅਜਿਹੀ ਇੱਕੋ ਇੱਕ ਪਾਰਟੀ ਹੈ ਜੋ ਦੇਸ਼ ਪੱਧਰ 'ਤੇ ਮੋਦੀ ਸਰਕਾਰ ਵਿਰੁੱਧ ਲੜਾਈ ਲੜ ਕੇ ਉਸਨੂੰ ਹਰਾ ਸਕਦੀ ਹੈ। ਇਸ ਲਈ ਅੱਜ ਲੋੜ ਹੈ ਕਿ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ। ਉਹਨਾਂ ਆਗੂਆਂ, ਵਰਕਰਾਂ ਨੂੰ ਆਪੋ-ਆਪਣੇ ਇਲਾਕਿਆਂ ਅੰਦਰ ਚੋਣ ਪ੍ਰਚਾਰ ਲਈ ਡੱਟ ਜਾਣ ਦਾ ਸੁਨੇਹਾ ਦਿੱਤਾ ਤਾਂ ਕਿ ਇਹ ਚੋਣ ਕਾਂਗਰਸ ਪਾਰਟੀ ਵੱਲੋਂ ਵੱਡੇ ਫ਼ਰਕ ਨਾਲ਼ ਜਿੱਤੀ ਜਾ ਸਕੇ। ਇਸ ਮੌਕੇ ਸ਼ਿਵ ਮਹਿਤਾ, ਕੁਲਦੀਪ ਸਿੰਘ, ਜੈ ਸਿੰਘ, ਦਲਜੀਤ ਸਿੰਘ, ਪੰਮੀ ਧੀਮਾਨ, ਸਰਪੰਚ ਧਰਮ ਸਿੰਘ, ਬੁੱਧ ਰਾਮ ਧੀਮਾਨ , ਨਿਰਮੈਲ ਸਿੰਘ ਸਪਿੰਦਰ ਸਿੰਘ ਬਲਕਾਰ ਸਿੰਘ ਧਰਮਿੰਦਰ ਸਿੰਘ , ਗੁਰਸੇਵਕ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪਾਰਟੀ ਸਮਰਥਕ ਹਾਜ਼ਰ ਸਨ।