ਅਕਾਲੀ ਦਲ ਦੇ ਉਮੀਦਵਾਰ ਦੀ ਪਹਿਲਕਦਮੀ, ਪਟਿਆਲਾ ਦੇ ਸੈਂਕੜੇ ਫਸਟ ਟਾਈਮ ਵੋਟਰਾਂ ਨਾਲ ਹੋਏ ਰੂਬਰੂ
- ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ
- ਨੌਜਵਾਨਾਂ ਨੇ ਦੱਸਿਆ ਕਿਹੋ ਜਿਹਾ ਹੋਵੇ ਉਨ੍ਹਾਂ ਦੇ ਸੁਪਨਿਆਂ ਦਾ ਸ਼ਹਿਰ ਪਟਿਆਲਾ
- ਕੁੜੀਆਂ ਨੇ ਸਿਟੀ ਬੱਸ ਅਤੇ ਬੱਸ ਅੱਡੇ ਦੀ ਮੰਗ ਉਠਾਈ ਤਾਂ ਲੜਕਿਆਂ ਨੇ ਪੁੱਛਿਆ ਪੰਜਾਬ ਕਿਵੇਂ ਹੋਇਆ ਕਰਜ਼ਈ
ਪਟਿਆਲਾ, 17 ਮਈ 2024 - ਪੰਜਾਬ ਵਿੱਚ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਲੋਕ ਸਭਾ ਹਲਕੇ ਦੇ ਫਸਟ ਟਾਈਮ ਵੋਟਰਾਂ ਦੀ ਭੂਮਿਕਾ ਅਹਿਮ ਹੈ। ਇਸ ਦੀ ਮਹੱਤਤਾ ਨੂੰ ਸਮਝਦਿਆਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਅੱਜ ਪਟਿਆਲਾ ਦੇ ਨੌਜਵਾਨ ਵੋਟਰਾਂ ਨਾਲ ਰੂਬਰੂ ਹੋਏ। ਜਿਸ ਵਿੱਚ ਨੌਜਵਾਨਾਂ ਨੇ ਸ਼ਰਮਾ ਨੂੰ ਖੁੱਲ ਕੇ ਸਵਾਲ ਕੀਤੇ ਅਤੇ ਸ਼ਰਮਾ ਨੇ ਵੀ ਉਨ੍ਹਾਂ ਦੇ ਬਾਖੂਬੀ ਜਵਾਬ ਦਿੱਤੇ। ਪਟਿਆਲਾ ਵਿੱਚ ਇਹ ਪਹਿਲੀ ਵਾਰ ਹੈ ਕਿ ਚੋਣ ਲੜ ਰਹੇ ਉਮੀਦਵਾਰ ਨੇ ਫਸਟ ਟਾਈਮ ਵੋਟਰਾਂ ਨਾਲ ਮੁਲਾਕਾਤ ਕੀਤੀ ਹੈ।
‘ਨੌਜਵਾਨਾਂ ਦੇ ਸਵਾਲ-ਐਨ.ਕੇ.ਸ਼ਰਮਾ ਦੇ ਜਵਾਬ’ ਨਾਮਕ ਪ੍ਰੋਗਰਾਮ ਦੌਰਾਨ ਸ਼ਹਿਰ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਬੱਚਿਆਂ ਨੇ ਸਾਂਸਦ ਉਮੀਦਵਾਰ ਨੂੰ ਸਵਾਲ ਪੁੱਛੇ। ਜ਼ਿਆਦਾਤਰ ਬੱਚਿਆਂ ਨੇ ਪਟਿਆਲਾ ਦੀ ਤੁਲਨਾ ਮੁਹਾਲੀ ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਹਿਰ ਨੂੰ ਸਮਾਰਟ ਅਤੇ ਹੈਰੀਟੇਜ ਸਿਟੀ ਬਣਨਾ ਚਾਹੀਦਾ। ਜਦੋਂ ਸੂਬੇ ਦੇ ਹੋਰ ਸ਼ਹਿਰ ਇੰਨੀ ਤਰੱਕੀ ਕਰ ਸਕਦੇ ਹਨ ਤਾਂ ਪਟਿਆਲਾ ਕਿਉਂ ਨਹੀਂ।
ਇੱਕ ਨੌਜਵਾਨ ਨੇ ਜਦੋਂ ਕਰਜ਼ ਵਧਣ ਦਾ ਸਵਾਲ ਪੁੱਛਿਆ ਤਾਂ ਸ਼ਰਮਾ ਨੇ ਕਿਹਾ ਕਿ ਕਰਜ਼ਾ ਵਧਾਉਣ ਨਾਲੋਂ ਵੱਧ ਜ਼ਰੂਰੀ ਹੈ ਆਮਦਨ ਅਤੇ ਆਮਦਨ ਦੇ ਸਰੋਤਾਂ ਨੂੰ ਵਧਾਉਣਾ। ਪਿਛਲੇ 7 ਸਾਲਾਂ ਤੋਂ ਪੰਜਾਬ 'ਤੇ ਕਰਜ਼ਾ ਵਧਦਾ ਜਾ ਰਿਹਾ ਹੈ ਪਰ ਲੋਕਾਂ ਦੀ ਆਮਦਨ ਦੇ ਸਰੋਤ ਨਹੀਂ ਵਧ ਰਹੇ ਹਨ। ਸ਼ਹਿਰ ਦੇ ਇੱਕ ਕਾਲਜ ਦੇ ਵਿਦਿਆਰਥਣ ਨੇ ਜਦੋਂ ਸ਼ਰਮਾ ਨੂੰ ਉਨ੍ਹਾਂ ਦੇ ਵਿਜ਼ਨ ਬਾਰੇ ਪੁੱਛਿਆ ਤਾਂ ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਪਟਿਆਲਾ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ। ਉਹ ਸੰਸਦ ਮੈਂਬਰ ਬਣਨ ਤੋਂ ਬਾਅਦ ਇਸ ਸ਼ਹਿਰ ਨੂੰ ਹੈਰੀਟੇਜ ਸਿਟੀ ਵਜੋਂ ਵਿਕਸਤ ਕਰਨਗੇ ਜਿਸ ਨਾਲ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ।
ਘਨੌਰ ਦੇ ਵਸਨੀਕ ਇੱਕ ਨੌਜਵਾਨ ਨੇ ਇਸ ਗੱਲ ’ਤੇ ਅਫ਼ਸੋਸ ਪ੍ਰਗਟਾਇਆ ਕਿ ਪਟਿਆਲਾ ਅਨਪਲਾਨਡ ਸਿਟੀ ਹੈ ਅਤੇ ਇੱਕ ਸੰਸਦ ਮੈਂਬਰ ਇਸ ਵਿੱਚ ਕੀ ਕਰ ਸਕਦਾ ਹੈ। ਸ਼ਰਮਾ ਨੇ ਜਵਾਬ ਦਿੱਤਾ ਕਿ ਜੇਕਰ ਸੰਸਦ ਮੈਂਬਰਾਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਤਾਲਮੇਲ ਹੋਵੇ ਤਾਂ ਮਾਸਟਰ ਪਲਾਨ ਬਣਾ ਕੇ ਵਿਕਾਸ ਕੀਤਾ ਜਾ ਸਕਦਾ ਹੈ। ਇੱਥੋਂ ਹੁਣ ਤੱਕ ਚੁਣੇ ਗਏ ਸੰਸਦ ਮੈਂਬਰ ਚੋਣਾਂ ਜਿੱਤ ਕੇ ਕਦੇ ਵੀ ਘਰ ਤੋਂ ਬਾਹਰ ਨਹੀਂ ਨਿਕਲੇ। ਇਸ 'ਤੇ ਬੱਚਿਆਂ ਨੇ ਖੂਬ ਤਾੜੀਆਂ ਵਜਾਈਆਂ।
ਇੱਕ ਵਿਦਿਆਰਥਣ ਨੇ ਬੱਸਾਂ ਦੀ ਸਮੱਸਿਆ, ਸਿਟੀ ਬੱਸ ਸੇਵਾ ਅਤੇ ਬੱਸ ਅੱਡਾ ਸ਼ਹਿਰ ਤੋਂ ਦੂਰ ਹੋਣ ਦਾ ਮੁੱਦਾ ਉਠਾਇਆ ਤਾਂ ਇਸ ’ਤੇ ਸ਼ਰਮਾ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਇੱਥੇ ਵਿਦਿਆਰਥੀਆਂ ਖਾਸ ਕਰਕੇ ਵਿਦਿਆਰਥਣਾਂ ਲਈ ਸਾਂਸਦ ਕੋਟੇ ਵਿਚੋਂ ਪਿੰਕ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਹਾਜ਼ਰ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਸੁਪਨਿਆਂ ਦਾ ਸ਼ਹਿਰ ਪਟਿਆਲਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਸਬੰਧੀ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ। ਕਿਸੇ ਨੇ ਇੱਥੋਂ ਦੀ ਗੰਦਗੀ ਦੀ ਸਮੱਸਿਆ ਦੀ ਗੱਲ ਕੀਤੀ ਤਾਂ ਕਿਸੇ ਨੇ ਇੱਥੋਂ ਦੀ ਅਸੰਗਠਿਤ ਆਵਾਜਾਈ ਦਾ ਮੁੱਦਾ ਸਾਂਸਦ ਉਮੀਦਵਾਰ ਕੋਲ ਉਠਾਇਆ। ਕਰੀਬ ਦੋ ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਜਿੱਥੇ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ, ਉੱਥੇ 35 ਵਿਦਿਆਰਥੀਆਂ ਨੇ ਸਵਾਲ ਵੀ ਪੁੱਛੇ।
ਬਾਕਸ....
ਗੂਗਲ 'ਤੇ ਸਰਚ ਕਰਨ ਸਾਰੇ ਉਮੀਦਵਾਰਾਂ ਦੀ ਕਾਰਜਸ਼ੈਲੀ
ਨੌਜਵਾਨ ਵੋਟਰਾਂ ਨਾਲ ਸੰਵਾਦ ਦੌਰਾਨ ਇਕ ਨੌਜਵਾਨ ਨੇ ਐਨ.ਕੇ. ਸ਼ਰਮਾ ਤੋਂ ਪੁੱਛਿਆ ਕਿ ਉਹ ਉਨ੍ਹਾਂ ਨੂੰ ਕਿਉਂ ਚੁਣਨ। ਇਸਦਾ ਜਵਾਬ ਦਿੰਦਿਆਂ ਸ਼ਰਮਾ ਨੇ ਕਿਹਾ ਕਿ ਤੁਹਾਡੇ ਸਾਰਿਆਂ ਕੋਲ ਮੋਬਾਈਲ ਫੋਨ ਹਨ। ਤੁਸੀਂ ਗੂਗਲ 'ਤੇ ਉਨ੍ਹਾਂ ਸਮੇਤ ਉਨ੍ਹਾਂ ਦੇ ਖਿਲਾਫ ਚੋਣ ਲੜ ਰਹੇ ਉਮੀਦਵਾਰਾਂ ਦੀ ਕਾਰਜਸ਼ੈਲੀ, ਕੰਮਕਾਜ, ਕਿਰਦਾਰ ਬਾਰੇ ਸਰਚ ਕਰੋ। ਸ਼ਰਮਾ ਨੇ ਨੌਜਵਾਨਾਂ ਦੇ ਸਾਹਮਣੇ ਆਪਣਾ ਰਿਪੋਰਟ ਕਾਰਡ ਰੱਖਦਿਆਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰ ਵੋਟ ਪਾ ਰਹੇ ਹੋ, ਉਸੇ ਤਰ੍ਹਾਂ ਮੈਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਿਹਾ ਹਾਂ। ਇਸ ਲਿਹਾਜ ਨਾਲ ਸਾਨੂੰ ਇੱਕ-ਦੂਜੇ ਦਾ ਸਹਿਯੋਗ ਕਰਨਾ ਦੇਣਾ ਚਾਹੀਦਾ। ਚੋਣਾਂ ਜਿੱਤਣ ਤੋਂ ਬਾਅਦ ਤੁਹਾਡੇ ਨਾਲ ਬੈਠ ਕੇ ਹੀ ਸ਼ਹਿਰ ਦੇ ਵਿਕਾਸ ਦੀ ਯੋਜਨਾ ਬਣਾਈ ਜਾਵੇਗੀ।