ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ
ਦੀਦਾਰ ਗੁਰਨਾ
- ਉਮੀਦਵਾਰਾਂ ਨੂੰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ
- ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਤੇ ਹੋਵੇਗੀ ਕਾਰਵਾਈ
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾ ਦੇ 14 ਯੋਗ ਉਮੀਦਵਾਰਾਂ ਨਾਲ ਜ਼ਿਲ੍ਹਾ ਚੋਣ ਅਫਸਰ ਤੇ ਚੋਣ ਅਬਜ਼ਰਬਰਾਂ ਨੇ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 17 ਮਈ 2024 - ਲੋਕ ਸਭਾ ਚੋਣਾਂ ਲਈ ਚੋਣ ਹਲਕਾ 08-ਫ਼ਤਹਿਗੜ੍ਹ ਸਾਹਿਬ (ਅ:ਜ:) ਸੀਟ ਲਈ ਚੋਣ ਮੈਦਾਨ ਵਿੱਚ ਰਹਿ ਗਏ 14 ਉਮੀਦਵਾਰਾਂ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਬਰ ਸ਼੍ਰੀ ਰਾਕੇਸ਼ ਸ਼ੰਕਰ ਆਈ.ਏ.ਐਸ., ਖਰਚਾ ਅਬਜ਼ਰਬਰ ਸ਼੍ਰੀ ਆਨੰਦ ਕੁਮਾਰ ਆਈ.ਆਰ.ਐਸ. ਅਤੇ ਪੁਲਿਸ ਅਬਜ਼ਰਬਰ ਸ਼੍ਰੀ ਸੰਦੀਪ ਗਜਾਨਨ ਦੀਵਾਨ ਆਈ.ਪੀ.ਐਸ. ਦੀ ਹਾਜਰੀ ਵਿੱਚ ਚੋਣ ਨਿਸ਼ਾਨ ਅਲਾਟ ਕੀਤੇ ਗਏ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਉਮੀਦਵਾਰਾਂ ਨੂੰ ਦੱਸਿਆ ਕਿ ਹਲਕੇ ਅੰਦਰ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ ਇਸ ਲਈ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਉਮੀਦਵਾਰਾਂ ਨੂੰ ਦੱਸਿਆ ਕਿ ਚੋਣਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਲੈਣ ਲਈ 48 ਘੰਟੇ ਪਹਿਲਾਂ ਚੋਣ ਅਪਲਾਈ ਕਰਨਾ ਜਰੂਰੀ ਹੈ। ਉਨ੍ਹਾਂ ਉਮੀਦਵਾਰਾਂ ਨੂੰ ਦੱਸਿਆ ਕਿ ਰਾਤ 10:00 ਵਜੇ ਤੋਂ ਸਵੇਰੇ 06:00 ਵਜੇ ਤੱਕ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਕਿਸੇ ਵੀ ਧਾਰਮਿਕ ਅਸਥਾਨ ਦੀ ਚੋਣ ਮਨੋਰਥ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ।
ਉਮੀਦਵਾਰ ਆਪਣੀ ਚੋਣ ਨਾਲ ਸਬੰਧਤ ਫਲੈਕਸ, ਪੋਸਟਰ ਜਾਂ ਪੈਂਫਲਿਟ ਕਿਸੇ ਸਰਕਾਰੀ ਇਮਾਰਤ ਤੇ ਨਹੀਂ ਲਗਾ ਸਕਦੇ ਅਤੇ ਜੇਕਰ ਅਜਿਹਾ ਪਾਇਆ ਗਿਆ ਤਾਂ ਲੋਕ ਪ੍ਰਤੀਨਿਧਤਾ ਐਕਟ ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਪ੍ਰਾਈਵੇਟ ਸੰਪਤੀ ਤੇ ਫਲੈਕਸ, ਪੋਸਟਰ ਜਾਂ ਪੈਂਫਲਿਟ ਲਗਾਉਣ ਤੋਂ ਪਹਿਲਾਂ ਮਾਲਕ ਦੀ ਪ੍ਰਵਾਨਗੀ ਜਰੂਰੀ ਹੈ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਜਿਸ ਸਮੇਂ ਸੀਲ ਕਰਕੇ ਸਟਰਾਂਗ ਰੂਮ ਵਿੱਚ ਰੱਖਿਆ ਜਾਣਾ ਹੈ ਉਸ ਸਮੇਂ ਉਮੀਦਵਾਰ ਆਪ ਖੁਦ ਜਾਂ ਆਪਣਾ ਨੁਮਾਇੰਦੇ ਜਰੂਰ ਭੇਜਣ। ਚੋਣ ਖਰਚੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਉਮੀਦਵਾਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਪਾਸੋਂ 10 ਹਜ਼ਾਰ ਰੁਪਏ ਤੋਂ ਵੱਧ ਦਾ ਦਾਨ ਜਾਂ ਪਾਰਟੀ ਫੰਡ ਨਹੀਂ ਲੈ ਸਕਦੇ।
ਲੋਕਾਂ ਵੱਲੋਂ ਦਿੱਤੇ ਗਏ ਦਾਨ ਜਾਂ ਪਾਰਟੀ ਫੰਡ ਦਾ ਇੰਦਰਾਜ ਖਰਚਾ ਰਜਿਸਟਰ ਵਿੱਚ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਦੇ ਹੱਕ ਵਿੱਚ ਕੋਈ ਸਟਾਰ ਪ੍ਰਚਾਰਕ ਹਲਕੇ ਅੰਦਰ ਆਉਂਦਾ ਹੈ ਤਾਂ ਉਸ ਦੇ ਸਫਰੀ ਖਰਚ ਨੂੰ ਛੱਡ ਕੇ ਬਾਕੀ ਦਾ ਸਾਰਾ ਖਰਚਾ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਹੋਵੇਗਾ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ ਨੇ ਦੱਸਿਆ ਕਿ ਲੋਕ ਸਭਾ ਚੋਣਾ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਦੀ ਜਾਂਚ 20 ਮਈ, 25 ਮਈ ਤੇ 30 ਮਈ ਨੂੰ ਕੀਤੀ ਜਾਵੇਗੀ । ਉਨ੍ਹਾਂ ਉਮੀਦਵਾਰਾਂ ਨੂੰ ਕਿਹਾ ਕਿ ਇਸ ਦਿਨ ਉਹ ਆਪ ਜਾਂ ਆਪਣਾ ਨੁਮਾਇੰਦਾ ਪੂਰਾ ਰਿਕਾਰਡ ਲੈ ਕੇ ਭੇਜਣ। ਉਨ੍ਹਾਂ ਉਮੀਦਵਾਰਾਂ ਨੂੰ ਕਿਹਾ ਕਿ ਚੋਣ ਪ੍ਰਚਾਰ ਲਈ ਕੀਤੇ ਜਾਣ ਵਾਲੇ ਖਰਚੇ ਦੇ ਅਸਲ ਬਿਲ ਤੇ ਵਾਊਚਰ ਵੀ ਰਿਕਾਰਡ ਵਿੱਚ ਜਰੂਰੀ ਰੱਖੇ ਜਾਣ। ਮੀਟਿੰਗ ਵਿੱਚ ਚੋਣ ਮੈਦਾਨ ਵਿੱਚ ਚੋਣ ਲੜਨ ਵਾਲੇ ਉਮੀਦਵਾਰ, ਉਨ੍ਹਾਂ ਦੇ ਨੁਮਾਇੰਦੇ ਤੇ ਹੋਰ ਅਧਿਕਾਰੀ ਹਾਜਰ ਸਨ।