ਆਪ ਸੋਚੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ
- ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਲੜਾਈ ਲੜ ਰਿਹੈ ਜਦੋਂ ਕਿ ਆਪ, ਕਾਂਗਰਸ ਤੇ ਭਾਜਪਾ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਵੇਚਣ ਲਈ ਤਿਆਰ
ਲੰਬੀ, 17 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਪਾਰਲੀਮਾਨੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਘੋਖ ਕਰਨ ਕਿ ਕਿਸ ਪਾਰਟੀ ਨੇ ਉਹਨਾਂ ਨੂੰ ਕੀ ਦਿੱਤਾ ਤੇ ਫਿਰ ਉਸੇ ਪਾਰਟੀ ਨੂੰ ਵੋਟਾਂ ਪਾਉਣ ਤਾਂ ਜੋ ਉਸ ਨਾਲ ਨਿਆਂ ਕੀਤਾ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਸ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ ਤੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕੀਤਾ, ਨੂੰ ਹਰ ਪੜਾਅ ’ਤੇ ਭਰਵਾਂ ਹੁੰਗਾਰਾ ਮਿਲਿਆ। ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਦੇ ਵਿਕਾਸ ਵਾਸਤੇ ਆਪਣੀ ਪੂਰੀ ਵਾਹ ਲਗਾ ਦਿੱਤੀ। ਉਹਨਾਂ ਦੱਸਿਆ ਕਿ ਕਿਵੇਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸਖ਼ਤ ਮਿਹਨਤ ਕੀਤੀ ਤੇ ਹਲਕੇ ਵਿਚ ਏਮਜ਼ ਤੇ ਕੇਂਦਰੀ ਯੂਨੀਵਰਸਿਟੀ ਵਰਗੀਆਂ ਵਿਸ਼ਵ ਪੱਧਰੀ ਸਹੂਲਤਾਂ ਲਿਆਂਦੀਆਂ।
ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਤੇ ਆਪ ਨੇ ਬਠਿੰਡਾ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਰਾਜਕਾਲ ਦੌਰਾਨ ਪੂਰੇ ਪੰਜ ਸਾਲ ਬਠਿੰਡਾ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ। ਉਹਨਾਂ ਕਿਹਾ ਕਿ ਆਪ ਦੇ ਰਾਜ ਵਿਚ ਹਾਲਾਤ ਹੋਰ ਵੀ ਮਾੜੇ ਹਨ। ਕਿਸਾਨ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਆਪ ਸਰਕਾਰ ਨੇ ਲਗਾਤਾਰ ਤਿੰਨ ਚਿੱਟੀ ਮੱਖੀ ਤੇ ਗੜ੍ਹੇਮਾਰੀ ਕਾਰਨ ਉਹਨਾਂ ਦੇ ਫਸਲਾਂ ਦੇ ਹੋਏ ਨੁਕਸਾਨ ਦਾ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਗਰੀਬ ਮੁਸੀਬਤਾਂ ਝੱਲ ਰਹੇ ਹਨ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ ਅਤੇ ਲੜਕੀਆਂ ਲਈ ਮੁਫਤ ਸਾਈਕਲ ਵਰਗੀਆਂ ਸਕੀਮਾਂ ਤਾਂ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀਆਂ ਗਈਆਂ ਹਨ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੇਖਣ ਕਿ ਉਹਨਾਂ ਦੀਆਂ ਮੁਸ਼ਕਿਲਾਂ ਕਿਵੇਂ ਹੱਲ ਹੁੰਦੀਆਂ ਹਨ। ਸਰਦਾਰ ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਰਾਹੀਂ ਉਹਨਾਂ ਦੇ ਦਰਾਂ ’ਤੇ ਆ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਸਨ ਤੇ ਪਿੰਡਾਂ ਨੂੰ ਗਰਾਂਟਾਂ ਦਿੰਦੇ ਸਨ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਮੌਕੇ ’ਤੇ ਹੱਲ ਕਰ ਦਿੰਦੇ ਸਨ। ਆਮ ਆਦਮੀ ਪਾਰਟੀ (ਆਪ) ਨੇ ਵਾਅਦਾ ਕੀਤਾ ਸੀਕਿ ਉਹਨਾਂ ਦੀ ਸਰਕਾਰ ਪਿੰਡਾਂ ਤੋਂ ਚੱਲੇਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਕਦੇ ਵੀ ਤੁਹਾਡੇ ਨੇੜੇ ਨਹੀਂ ਆਏ। ਉਹਨਾਂ ਕਿਹਾ ਕਿ ਹੁਣ ਢੁਕਵਾਂ ਸਮਾਂ ਹੈ ਕਿ ਤੁਸੀਂ ਵੋਟਾਂ ਰਾਹੀਂ ਇਸ ਪੰਜਾਬ ਵਿਰੋਧੀ ਤੇ ਗਰੀਬ ਵਿਰੋਧੀ ਪਾਰਟੀ ਨੂੰ ਕਰਾਰਾ ਸਬਕ ਸਿਖਾਓ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਨਾਲ-ਨਾਲ ਕਾਂਗਰਸ ਤੇ ਭਾਜਪਾ ਤਾਂ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਵੇਚਣ ਲਈ ਤਿਆਰ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਨਹਿਰੀ ਪਟਵਾਰੀਆਂ ਤੇ ਮਾਲ ਵਿਭਾਗ ਦੇ ਸਟਾਫ ਨੂੰ ਮਜਬੂਰ ਕਰ ਰਹੇ ਹਨ ਕਿ ਉਹ ਜਾਅਲੀ ਐਂਟਰੀਆਂ ਪਾ ਕੇ ਇਹ ਵਿਖਾਉਣ ਕਿ ਸਮੁੱਚੇ ਪੰਜਾਬ ਵਿਚ ਖੇਤੀ ਲਈ ਨਹਿਰੀ ਪਾਣੀ ਉਪਲਬਧ ਹੈ। ਉਹਨਾਂ ਕਿਹਾ ਕਿ ਇਹ ਰਿਪੋਰਟ ਸੁਪਰੀਮ ਕੋਰਟ ਵਿਚ ਸੌਂਪ ਕੇ ਐਸ ਵਾਈ ਐਲ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਪੰਜਾਬ ਵਿਰੋਧੀ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦੇਵੇਗਾ।
ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਪੰਜਾਬ ਦੇ ਲਟਕਦੇ ਮਸਲਿਆਂ ਦੇ ਹੱਲ ਵਾਸਤੇ ਸੰਘਰਸ਼ ਕਰ ਰਿਹਾ ਹੈ ਅਤੇ ਸਿੱਖ ਕੌਮ ਦੇ ਸਾਰੇ ਮਸਲਿਆਂ ਦੇ ਹੱਲ ਵਾਸਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਆਧਾਰਿਤ ਪਾਰਟੀਆਂ ਜਿਹਨਾਂ ਨੇ ਸਿਰਫ ਪੰਜਾਬ ਨੂੰ ਲੁੱਟਿਆ ਦਾ ਵਿਰੋਧ ਕਰਨ ਲਈ ਵਚਨਬੱਧ ਹਾਂ ਤਾਂ ਜੋ ਤੁਹਾਡੀ ਮਦਦ ਨਾਲ ਪੰਜਾਬ ਵਿਚ ਅਗਲੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ ਤੇ ਇਸ ਵਾਸਤੇ ਜ਼ਰੂਰੀ ਹੈ ਕਿ ਮੌਜੂਦਾ ਪਾਰਲੀਮਾਨੀ ਚੋਣਾਂ ਵਿਚ ਤੁਸੀਂ ਅਕਾਲੀ ਦਲ ਨੂੰ ਜਿਤਾਓ।