ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ
- ਲੋਕਾਂ ਤੋਂ ਡਾ.ਚੱਬੇਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
- ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ- ਇਸ ਵਾਰ ਸਾਨੂੰ 13-0 ਨਾਲ ਜਿਤਾਓ, ਫਿਰ ਦੁੱਗਣੇ ਜੋਸ਼ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਾਂਗਾ
- ਮੈਂ ਤੁਹਾਡੀ ਮਜਬੂਰੀ ਨੂੰ ਤੁਹਾਡੀ ਮਰਜ਼ੀ ਵਿੱਚ ਬਦਲਣਾ ਚਾਹੁੰਦਾ ਹਾਂ, 6-7 ਮਹੀਨਿਆਂ ਬਾਅਦ ਫ਼ੈਸਲਾ ਤੁਹਾਡਾ ਹੋਵੇਗਾ ਕਿ ਇਲਾਜ ਅਤੇ ਪੜ੍ਹਾਈ ਸਰਕਾਰੀ ਜਾਂ ਪ੍ਰਾਈਵੇਟ ਵਿੱਚ ਕਰਵਾਉਣੀ ਹੈ, ਦੋਵਾਂ ਥਾਵਾਂ 'ਤੇ ਬਰਾਬਰ ਸਹੂਲਤਾਂ ਮਿਲਣਗੀਆਂ - ਭਗਵੰਤ ਮਾਨ
- ਭਾਜਪਾ 'ਤੇ ਹਮਲਾ, ਕਿਹਾ- ਭਾਜਪਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ
- ਗੰਨਾ ਕਾਸ਼ਤਕਾਰਾਂ 'ਤੇ ਭਗਵੰਤ ਮਾਨ ਨੇ ਕਿਹਾ, ਜਿਹੜੀਆਂ ਵੀ ਪ੍ਰਾਈਵੇਟ ਗੰਨਾ ਮਿੱਲਾਂ ਕਿਸਾਨਾਂ ਦਾ ਬਕਾਇਆ ਨਹੀਂ ਦੇ ਰਹੀਆਂ, ਜਲਦੀ ਹੀ ਉਨ੍ਹਾਂ ਤੋਂ ਤੁਹਾਨੂੰ ਇਕ-ਇਕ ਰੁਪਿਆ ਦਿਵਾਵਾਂਗੇ
- ਭਗਵੰਤ ਮਾਨ ਸਰਕਾਰ ਨੇ ਤੁਹਾਡੇ ਬਿਜਲੀ ਦੇ ਬਿੱਲ ਘਟਾ ਕੇ ਜ਼ੀਰੋ ਕਰ ਦਿੱਤੇ, ਹੁਣ ਤੁਸੀਂ ਆਪਣੇ ਵਿਰੋਧੀਆਂ ਦੀਆਂ ਸੀਟਾਂ ਘਟਾ ਕੇ ਜ਼ੀਰੋ ਕਰ ਦਿਓ - ਡਾ. ਰਾਜਕੁਮਾਰ ਚੱਬੇਵਾਲ
ਹੁਸ਼ਿਆਰਪੁਰ/ਚੰਡੀਗੜ੍ਹ, 17 ਮਈ 2024 - ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਇੱਥੇ ‘ਆਪ’ਉਮੀਦਵਾਰ ਨਾਲ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਚੱਬੇਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਸਾਨੂੰ ਪ੍ਰਚਾਰ ਵਿੱਚ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਲੋਕ ਖ਼ੁਦ ਹੀ ਸਾਡੇ ਕੰਮਾਂ ਨੂੰ ਗਿਣਾਉਣ ਲੱਗ ਪੈਂਦੇ ਹਨ। ਸਾਡਾ ਜ਼ੀਰੋ ਬਿਜਲੀ ਦਾ ਬਿੱਲ ਲੋਕਾਂ ਵਿੱਚ ਬੋਲਦਾ ਹੈ। ਆਮ ਆਦਮੀ ਕਲੀਨਿਕ ਬੋਲਦਾ ਹੈ। ਨਹਿਰੀ ਪਾਣੀ ਬੋਲਦਾ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਸਾਨੂੰ 13-0 ਨਾਲ ਜਿਤਾਓ, ਫਿਰ ਮੈਂ ਦੁੱਗਣੇ ਜੋਸ਼ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਾਂਗਾ।
ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੀ ਮਜਬੂਰੀ ਨੂੰ ਮਰਜ਼ੀ ਵਿਚ ਬਦਲਣਾ ਚਾਹੁੰਦਾ ਹਾਂ। ਅੱਜ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਤੁਹਾਡੀ ਮਜਬੂਰੀ ਹੈ, ਕਿਉਂਕਿ ਤੁਹਾਨੂੰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਭਰੋਸਾ ਨਹੀਂ ਹੈ। ਆਉਣ ਵਾਲੇ ਦੋ ਸਾਲਾਂ ਵਿੱਚ ਮੈਂ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਇੰਨਾ ਵਧੀਆ ਬਣਾਵਾਂਗਾ ਕਿ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਨੂੰ ਚੁਣਨਾ ਤੁਹਾਡੀ ਮਰਜ਼ੀ ਹੋਵੇਗੀ, ਮਜਬੂਰੀ ਨਹੀਂ।
ਭਾਜਪਾ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਭਾਜਪਾ ਬਾਬਾ ਸਾਹਿਬ ਦੇ ਸੰਵਿਧਾਨ ਅਤੇ ਦੇਸ਼ ਦੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਸਾਡੀ ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਅਸੀਂ ਗ਼ਰੀਬਾਂ ਅਤੇ ਦਲਿਤਾਂ ਦੇ ਬੱਚਿਆਂ ਲਈ ਚੰਗੇ ਸਰਕਾਰੀ ਸਕੂਲ ਬਣਾ ਰਹੇ ਹਾਂ ਅਤੇ ਉਨ੍ਹਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਕਰ ਰਹੇ ਹਾਂ।
ਗੰਨਾ ਕਾਸ਼ਤਕਾਰਾਂ ਬਾਰੇ ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੰਨੇ ਦੀ ਕਾਸ਼ਤ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਮੈਂ ਗੰਨਾ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਚਿੰਤਾ ਨਾ ਕਰਨ । ਜੋ ਵੀ ਪ੍ਰਾਈਵੇਟ ਗੰਨਾ ਮਿੱਲਾਂ ਵਾਲੇ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਹੀਂ ਕਰ ਰਹੀਆਂ ਹਨ, ਮੈਂ ਤੁਹਾਨੂੰ ਉਨ੍ਹਾਂ ਤੋਂ ਜਲਦੀ ਹੀ ਇੱਕ-ਇੱਕ ਰੁਪਿਆ ਦਿਵਾਵਾਂਗਾ, ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਅੱਜ ਪੰਜਾਬ ਵਿੱਚ ਗੰਨੇ ਦਾ ਘੱਟੋ-ਘੱਟ ਸਮਰਥਨ ਮੁੱਲ ਦੇਸ਼ ਵਿੱਚ ਸਭ ਤੋਂ ਵੱਧ ਹੈ। ਮਾਨ ਨੇ ਕਿਹਾ ਕਿ ਕੇਂਦਰ ਨੇ 5500 ਕਰੋੜ ਰੁਪਏ (ਆਰ.ਡੀ.ਐਫ.) ਪੇਂਡੂ ਵਿਕਾਸ ਫ਼ੰਡ ਰੋਕ ਲਏ ਹਨ ਪਰ ਕੋਈ ਗੱਲ ਨਹੀਂ, ਅਸੀਂ ਪੰਜਾਬ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਾਂਗੇ।
ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ੁਦ ਕੋਈ ਪੈਸਾ ਖਾਣ ਨਹੀਂ ਆਏ ਹਨ, ਪਰ ਮੈਂ ਉਨ੍ਹਾਂ ਲੋਕਾਂ ਨੂੰ ਨਹੀਂ ਬਖ਼ਸ਼ਾਂਗਾ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ, ਉਹ ਪੰਜਾਬ ਦਾ ਪੈਸਾ ਲੁੱਟ ਕੇ ਪਹਾੜਾਂ ਦੇ ਵੱਡੇ-ਵੱਡੇ ਹੋਟਲਾਂ 'ਚ ਬੈਠੇ ਹਨ, ਉਨ੍ਹਾਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ |
ਇਸ ਦੇ ਨਾਲ ਹੀ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਵੀ ਦਿਨ-ਰਾਤ ਕੰਮ ਕਰ ਰਹੇ ਹਾਂ। ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਹੈ। ਜਦੋਂ ਮੈਂ ਮਾਰਚ 2022 ਵਿੱਚ ਮੁੱਖ ਮੰਤਰੀ ਬਣਿਆ ਤਾਂ ਨਹਿਰੀ ਪਾਣੀ ਸਿਰਫ਼ 21 ਫ਼ੀਸਦੀ ਖੇਤਾਂ ਤੱਕ ਪਹੁੰਚ ਰਿਹਾ ਸੀ। ਅਕਤੂਬਰ ਤੱਕ 70 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਦੇਵਾਂਗੇ, ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ। ਫਿਰ ਸਰਕਾਰ ਨੂੰ ਲਗਭਗ 5000 ਤੋਂ 6000 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ। ਅਸੀਂ ਆਪਣੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਾਂ।
ਮਾਨ ਸਰਕਾਰ ਨੇ ਤੁਹਾਡੇ ਬਿਜਲੀ ਦੇ ਬਿੱਲ ਘਟਾ ਕੇ ਜ਼ੀਰੋ ਕਰ ਦਿੱਤੇ, ਤੁਸੀਂ ਆਪਣੇ ਵਿਰੋਧੀਆਂ ਦੀਆਂ ਸੀਟਾਂ ਘਟਾ ਕੇ ਜ਼ੀਰੋ ਕਰ ਦਿਓ - ਡਾ: ਰਾਜਕੁਮਾਰ ਚੱਬੇਵਾਲ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਵੀ ਲੰਘਦੇ ਹਨ, ਜਿੱਤ ਦੀ ਛਾਪ ਛੱਡ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਨੇ ਤੁਹਾਡੇ ਬਿਜਲੀ ਦੇ ਬਿੱਲ ਘਟਾ ਕੇ ਜ਼ੀਰੋ ਕਰ ਦਿੱਤੇ ਹਨ ਤਾਂ ਤੁਸੀਂ ਆਪਣੇ ਵਿਰੋਧੀਆਂ ਦੀਆਂ ਸੀਟਾਂ ਵੀ ਘਟਾ ਕੇ ਜ਼ੀਰੋ ਕਰ ਦਿਓ।