ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ
ਪਥਰਾਲਾ, 17 ਮਈ 2024: ਬਠਿੰਡਾ ਜਿਲੇ ਦੇ ਪਿੰਡ ਪਥਰਾਲਾ ਦੇ ਵਿੱਚ ਅੱਜ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਮੌਕਾ ਮੇਲ ਸੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਇਸ ਪਿੰਡ ਵਿੱਚ ਪੁੱਜਣ ਦਾ। ਇਹ ਪਿੰਡ ਜੀਤ ਮਹਿੰਦਰ ਸਿੱਧੂ ਦੇ ਪੁਰਖਿਆਂ ਦਾ ਜੱਦੀ ਪਿੰਡ ਹੈ, ਜਿਸ ਦੇ ਵਿੱਚ ਅੱਜ ਵੀ ਸਿੱਧੂ ਦੀ ਸਾਂਝ ਹੈ। ਇੱਥੋਂ ਦੇ ਲੋਕਾਂ ਨੂੰ ਆਪਣੇ ਪਿੰਡ ਦੇ ਇੱਕ ਨੌਜਵਾਨ ਨੂੰ ਕਾਂਗਰਸ ਵਰਗੀ ਕੌਮੀ ਪਾਰਟੀ ਵੱਲੋਂ ਵੱਕਾਰੀ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਦਾ ਭਾਰੀ ਚਾਅ ਹੈ।
ਇਸ ਪਿੰਡ ਦੇ ਵਿੱਚ ਅੱਜ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਕਈ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਜਿੱਥੇ ਉਹਨਾਂ ਆਪਣੇ ਇਸ ਜੱਦੀ ਪਿੰਡ ਦੇ ਵਾਸੀਆਂ ਦੇ ਨਾਲ ਪੁਰਾਣੀ ਸਾਂਝ ਦਾ ਹਵਾਲਾ ਦਿੰਦਿਆਂ ਮੁੜ ਆਪਣੇ ਗਰਾਈਆਂ ਨੂੰ ਸਿਰ 'ਤੇ ਹੱਥ ਰੱਖਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਇਸ ਪਿੰਡ ਦੇ ਨਾਲ ਮੇਰਾ ਲੀਡਰ ਜਾਂ ਵੋਟਰਾਂ ਵਾਲਾ ਸੰਬੰਧ ਨਹੀਂ, ਬਲਕਿ ਆਪਣੇ ਖੂਨ ਦੀ ਸਾਂਝ ਹੈ ਤੇ ਮੈਨੂੰ ਪੂਰਨ ਯਕੀਨ ਹੈ ਕਿ ਪਿੰਡ ਦੇ ਵੋਟਰ ਇਸ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਇੱਕ ਇੱਕ ਵੋਟ ਮੇਰੇ ਹਿੱਸੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਉੱਤੇ ਮੋਹਰ ਲਾ ਕੇ ਪਾਉਣਗੇ। ਇਸ ਦੌਰਾਨ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਪਿੰਡ ਦੇ ਵਿੱਚ ਲੱਡੂਆਂ ਦੇ ਨਾਲ ਵੀ ਤੋਲਿਆ ਗਿਆ ਅਤੇ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨ ਵਾਲੇ ਨੌਜਵਾਨ ਲੀਡਰ ਦਾ ਵੱਧ ਚੜ ਕੇ ਸਾਥ ਦੇਣਗੇ।