ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ
ਦਲਜੀਤ ਕੌਰ
ਬਰਨਾਲਾ, 17 ਮਈ, 2024: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਹੈ, ਪਿਛਲੇ ਦੋ ਸਾਲ ਦੀ ਸਰਕਾਰ ਵਿੱਚ ਉਸ ਤੋਂ ਵੱਧ ਕੀਤਾ ਹੈ ਅਤੇ ਹੁਣ ਪਾਰਲੀਮੈਂਟ ਚੋਣਾਂ ਵਿੱਚ ਜੋ ਕਹਿ ਰਹੇ ਹਾਂ, ਉਸ ਤੋਂ ਵੱਧ ਕਰਾਂਗੇ।
ਮੀਤ ਹੇਅਰ ਅੱਜ ਬਰਨਾਲਾ ਨੇੜਲੇ ਪਿੰਡਾਂ ਜੋਧਪੁਰ, ਖੁੱਡੀ, ਧਨੌਲਾ ਵਿਖੇ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਨੌਜਵਾਨਾਂ ਨੂੰ ਰੋਜ਼ਗਾਰ, ਨਵੀਂ ਖੇਡ ਨੀਤੀ, ਟੇਲਾਂ ਤੱਕ ਪਾਣੀ, ਸਕੂਲ ਆਫ਼ ਐਮੀਨੈਂਸ ਜਿਹੀਆਂ ਗਾਰੰਟੀਆਂ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ। ਟੋਲ ਪਲਾਜ਼ੇ ਬੰਦ ਕਰਵਾ ਕੇ ਲੋਕਾਂ ਦੇ ਪੈਸੇ ਦੀ ਬੱਚਤ ਵੀ ਕੀਤੀ ਹੈ।
ਮੀਤ ਹੇਅਰ ਨੇ ਕਿਹਾ ਕਿ ਹੁਣ ਆਪ ਨਵੀਂ ਬਣਨ ਜਾ ਰਹੀ ਕੇਂਦਰ ਸਰਕਾਰ ਵਿੱਚ ਵੱਡੀ ਭੂਮਿਕਾ ਨਿਭਾਏਗੀ ਅਤੇ ਕੇਂਦਰ ਨਾਲ ਸਬੰਧਤ ਪੰਜਾਬ ਦੇ ਰੁਕੇ ਹੋਏ ਕੰਮ ਕਰਵਾਏ ਜਾਣਗੇ।