ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ
- ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਤਿੰਨੇ ਜ਼ਿਲ੍ਹਿਆਂ ਦੇ ਉਚ ਅਧਿਕਾਰੀ ਵੀ ਹੋਏ ਸ਼ਾਮਲ
- ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਸਮੁੱਚੇ ਚੋਣ ਅਮਲ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਉਣ ਦਾ ਭਰੋਸਾ
ਦਲਜੀਤ ਕੌਰ
ਸੰਗਰੂਰ, 17 ਮਈ, 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 12-ਸੰਗਰੂਰ ਲਈ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰ ਦਿਨੇਸ਼ਨ ਐਚ., ਖਰਚਾ ਅਬਜ਼ਰਵਰ ਅਮਿਤ ਸੰਜੇ ਗੁਰਵ ਤੇ ਪੁਲਿਸ ਅਬਜ਼ਰਵਰ ਆਮਿਰ ਜਾਵੇਦ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਦੇ ਜ਼ਿਲ੍ਹਾ ਚੋਣ ਅਫ਼ਸਰਾਂ, ਜ਼ਿਲ੍ਹਾ ਪੁਲਿਸ ਮੁਖੀਆਂ, ਸਹਾਇਕ ਰਿਟਰਨਿੰਗ ਅਫ਼ਸਰਾਂ, ਐਸ.ਪੀਜ਼ ਤੇ ਡੀ.ਐਸ.ਪੀਜ਼ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ, ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਹਿਲ, ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ, ਐਸ.ਐਸ.ਪੀ ਬਰਨਾਲਾ ਸੰਦੀਪ ਮਲਿਕ, ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਡਾ. ਪੱਲਵੀ ਅਤੇ ਐਸ.ਐਸ.ਪੀ ਮਲੇਰਕੋਟਲਾ ਡਾ. ਸਿਮਰਤ ਕੌਰ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਜਨਰਲ ਅਬਜ਼ਰਵਰ ਦਿਨੇਸ਼ਨ ਐਚ. ਨੇ ਲੋਕ ਸਭਾ ਹਲਕਾ ਸੰਗਰੂਰ ਵਿੱਚ ਚੋਣ ਪ੍ਰਬੰਧਨ ਯੋਜਨਾ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਮੂਹ ਟੀਮਾਂ ਪੂਰੀ ਮੁਸਤੈਦੀ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨ੍ਹਾਂ ਨੇ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਅਤੇ ਹੁਣ ਤੱਕ ਇਸ ਸਬੰਧ ਵਿੱਚ ਵੱਖ-ਵੱਖ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਈ.ਵੀ.ਐਮ ਤੇ ਵੀਵੀਪੈਟ ਪ੍ਰਬੰਧਨ, ਚੋਣ ਸਮੱਗਰੀ ਪ੍ਰਬੰਧਨ, ਵੱਖ-ਵੱਖ ਨੋਡਲ ਅਧਿਕਾਰੀਆਂ ਤੇ ਟੀਮਾਂ ਦੀ ਸਿਖਲਾਈ ਤੇ ਰਿਹਰਸਲ, ਸਵੀਪ ਗਤੀਵਿਧੀਆਂ, ਈ.ਟੀ.ਪੀ.ਬੀ.ਐਸ ਤੇ ਪੋਸਟਲ ਬੈਲਟ ਪੇਪਰਾਂ, ਵੈਬਕਾਸਟਿੰਗ, ਵੀਡੀਓਗ੍ਰਾਫੀ, ਐਫ.ਐਸ.ਟੀ, ਐਸ.ਐਸ.ਟੀ, ਸ਼ਿਕਾਇਤ ਨਿਵਾਰਨ ਸੈਲ ਤੇ ਸੀ-ਵਿਜਿਲ, ਐਕਸਾਈਜ਼, ਦਿਵਿਆਂਗ ਵੋਟਰਾਂ ਦੀਆਂ ਸੁਵਿਧਾਵਾਂ, ਵੱਖ-ਵੱਖ ਮੋਬਾਇਲ ਐਪਲੀਕੇਸ਼ਨਾਂ, ਸਟਰੌਂਗ ਰੂਮ ਆਦਿ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ।
ਇਸ ਦੌਰਾਨ ਖਰਚਾ ਨਿਗਰਾਨ ਅਮਿਤ ਸੰਜੇ ਗੁਰਵ (ਆਈ.ਆਰ.ਐਸ) ਨੇ ਤਾਇਨਾਤ ਟੀਮਾਂ ਨੂੰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚ ਨਗਦੀ ਦੇ ਸ਼ੱਕੀ ਲੈਣ ਦੇਣ, ਚੋਣ ਸਮੱਗਰੀ ’ਤੇ ਕੀਤੇ ਜਾਣ ਵਾਲੇ ਖਰਚਿਆਂ, ਵਾਹਨਾਂ ਦੀ ਚੈਕਿੰਗ, ਡਿਜ਼ੀਟਲ ਪ੍ਰਣਾਲੀ ਨਾਲ ਨਗਦੀ ਦੇ ਲੈਣ ਦੇਣ ਆਦਿ ’ਤੇ ਵੀ ਨਜ਼ਰ ਰੱਖੀ ਜਾਵੇ। ਉਨ੍ਹਾਂ ਵੱਲੋਂ ਸਹਾਇਕ ਖਰਚਾ ਅਬਜ਼ਰਵਰਾਂ, ਮਾਈਕਰੋ ਅਬਜ਼ਰਵਰਾਂ ਆਦਿ ਦੀ ਚੋਣਾਂ ਸਬੰਧੀ ਸਿਖਲਾਈ ਸਬੰਧੀ ਜਾਇਜ਼ਾ ਲਿਆ।
ਇਸ ਮੌਕੇ ਪੁਲਿਸ ਅਬਜ਼ਰਵਰ ਆਮਿਰ ਜਾਵੇਦ (ਆਈ.ਪੀ.ਐਸ) ਨੇ ਸੁਰੱਖਿਆ ਵਿਵਸਥਾ, ਨਾਕਾਬੰਦੀ, ਪੈਟਰੋਲਿੰਗ ਪਾਰਟੀਆਂ, ਪੁਲਿਸ ਫੋਰਸ, ਸਟਰੌਂਗ ਰੂਮ ਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ, ਸੀ.ਸੀ.ਟੀ.ਵੀ ਕੈਮਰਿਆਂ, ਵੀਡੀਓਗ੍ਰਾਫੀ ਪ੍ਰਬੰਧਨ, ਸਾਇਬਰ ਸਕਿਓਰਟੀ ਆਦਿ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਸਮੂਹ ਅਬਜ਼ਰਵਰਾਂ ਨੂੰ ਵਿਸਵਾਸ ਦਿਵਾਇਆ ਕਿ ਸਮੁੱਚੇ ਚੋਣ ਅਮਲ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਇਆ ਜਾਵੇਗਾ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।