ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਮੁਫ਼ਤ ਦੇ ਕੇ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਲੋਕਾਂ ਦੀ ਕੀਤੀ ਮੱਦਦ: ਰੰਧਾਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਮਈ 2024: ਆਮ ਆਦਮੀ ਪਾਰਟੀ ਦੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਡੇਰਾਬੱਸੀ ਹਲਕੇ ਦੇ ਪਿੰਡਾਂ 'ਚ ਲਗਾਤਰ ਜਨ ਸੰਪਰਕ ਮੁਹਿੰਮ ਚਲਾਈ ਜ਼ਾ ਰਹੀ ਹੈ। ਇਸ ਦੌਰਾਨ ਉਨ੍ਹਾਂ ਪਾਰਟੀ ਉਮੀਦਵਾਰ ਡਾ. ਬਲਬੀਰ ਸਿੰਘ ਦੇ ਭਰਾ ਜਸਵੀਰ ਸਿੰਘ ਨਾਲ ਵੱਖ-ਵੱਖ ਥਾਵਾਂ 'ਤੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਘਰ-ਘਰ ਜਾ ਕੇ ਵੋਟਾਂ ਵੀ ਮੰਗੀਆਂ। ਵਿਧਾਇਕ ਰੰਧਾਵਾ ਨੇ ਹੰਡੇਸਰਾ ਸਰਕਲ ਦੇ ਪਿੰਡ ਕਸੌਲੀ, ਬਸੌਲੀ, ਨਗਲਾ, ਹੰਡੇਸਰਾ, ਸੀਹਪੁਰ, ਰਾਣੀਮਾਜਰਾ, ਬੜਾਣਾ ਅਤੇ ਬਰਟਾਣਾ 'ਚ ਚੋਣ ਪ੍ਰਚਾਰ ਕੀਤਾ। ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਸਾਡੇ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਡਾ. ਬਲਬੀਰ ਸਿੰਘ ਵਰਗਾ ਉਮੀਦਵਾਰ ਮਿਲਿਆ ਹੈ, ਜੋ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ, ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਵਾਜ਼ ਬੁਲੰਦ ਕਰਕੇ ਉਨ੍ਹਾਂ ਨੂੰ ਦੇਸ਼ ਦੀ ਸੰਸਦ 'ਚ ਪਹੁੰਚਾਉਣ ਤਾਂ ਜੋ ਪਿਛਲੇ ਕਈ ਦਹਾਕਿਆਂ ਤੋਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਅਣਦੇਖੀ ਕਰਕੇ ਵਿਕਾਸ ਪੱਖੋਂ ਸੱਖਣੇ ਰਹਿ ਗਏ ਇਸ ਸਰਹੱਦੀ ਖੇਤਰ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਠੋਸ ਰੂਪ ਵਿੱਚ ਬੁਲੰਦ ਕੀਤਾ ਜਾ ਸਕੇ। ਸ. ਰੰਧਾਵਾ ਨੇ ਦੱਸਿਆ ਕਿ ਮੌਕੇ ਪਿੰਡ ਰਾਣੀਮਾਜਰਾ ਵਿਖੇ ਸਰਕਾਰ ਦੇ ਕੰਮ ਕਾਰ ਤੋਂ ਖੁਸ਼ ਹੋ ਕੇ ਗੁਰਮੀਤ ਸਿੰਘ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਮੀਤ ਪ੍ਰਧਾਨ ਦੇ ਅਹੁਦੇ ਨੂੰ ਛੱਡ ਆਪਣੇ ਸਾਥੀਆਂ, ਕਰਨੈਲ ਸਿੰਘ, ਰਾਜ ਕੁਮਾਰ ਫੌਜੀ, ਅਜਮੇਰ ਸਿੰਘ, ਸਵਰਨ ਸਿੰਘ, ਰਜਿੰਦਰ ਪਹਿਲਵਾਨ, ਵਿਸ਼ਾਲ ਸੇਠੀ, ਸੰਦੀਪ ਕੁਮਾਰ, ਸੋਹਣ ਲਾਲ, ਮਿੱਤਰ ਪਾਲ, ਲਖਵੀਰ ਸਿੰਘ, ਰਾਜੂ ਨਾਥ, ਸੁਖਵਿੰਦਰ ਸਿੰਘ, ਲਖਵਿੰਦਰ ਖਾਨ, ਫਤਿਹ ਸਿੰਘ, ਕ੍ਰਿਸ਼ਨ ਸਿੰਘ, ਸਤਪਾਲ ਸਿੰਘ ਅਤੇ ਪਿੰਡ ਬੜਾਣਾ ਦੇ ਵਿਨੋਦ ਕੁਮਾਰ, ਸਤਵਿੰਦਰ ਪੰਚ ,ਅਮਰੀਕ ਸਿੰਘ, ਸੁਖਜਿੰਦਰ ਸਿੰਘ, ਨਿਰਮਲ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ ਹੋਰਨਾਂ ਪਾਰਟੀਆਂ ਨੂੰ ਆਲਵਿਦ ਆਖ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੇਵਲ ਦੋ ਸਾਲਾਂ ਦੌਰਾਨ ਹੀ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦੇ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਮੱਦਦ ਕੀਤੀ ਹੈ ਇਸ ਕਰਕੇ ਲੋਕ 1 ਜੂਨ ਨੂੰ ਆਪਣੇ ਜੀਰੋ ਆ ਰਹੇ ਬਿੱਲਾਂ ਨੂੰ ਧਿਆਨ ਵਿੱਚ ਰੱਖ ਵੋਟ ਕਰਨ । ਇਸ ਮੌਕੇ ਪਾਰਟੀ ਦੇ ਕਈ ਆਗੂ ਤੇ ਵਰਕਰ ਹਾਜ਼ਰ ਸਨ।