ਪਿੰਡ ਜਾਡਲਾ 'ਚ ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਜਾਂਦੇ ਕਿਸਾਨ-ਮਜ਼ਦੂਰ ਪੁਲਸ ਵਲੋਂ ਗ੍ਰਿਫਤਾਰ
- ਗ੍ਰਿਫਤਾਰ ਹੋਣ ਵਾਲਿਆਂ ਵਿਚ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ 'ਤੇ ਕਮਲਜੀਤ ਸਨਾਵਾ ਸ਼ਾਮਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਮਈ 2024 - ਅੱਜ ਪਿੰਡ ਜਾਡਲਾ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦਾ ਵਿਰੋਧ ਕਰਨ ਜਾ ਰਹੇ 50 ਦੇ ਕਰੀਬ ਕਿਸਾਨਾਂ ਅਤੇ ਮਜਦੂਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।ਜਿਹਨਾਂ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਸੋਇਤਾ,ਮੱਖਣ ਸਿੰਘ ਭਾਨ ਮਜਾਰਾ,ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ, ਕਿਰਨਜੀਤ ਕੌਰ,ਸੁਰਿੰਦਰ ਮੀਰਪੁਰੀ ਆਦਿ ਆਗੂ ਸ਼ਾਮਲ ਹਨ।ਕਿਰਨਜੀਤ ਕੌਰ ਆਪਣੇ ਇਕ ਸਾਲ ਦੇ ਬੱਚੇ ਨਾਲ ਗ੍ਰਿਫਤਾਰ ਕੀਤੀ ਗਈ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਹਰੀ ਰਾਮ ਰਸੂਲਪੁਰੀ ਨੇ ਦੱਸਿਆ ਕਿ ਅੱਜ ਪਿੰਡ ਜਾਡਲਾ ਵਿਖੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੇ ਜਨ ਸਭਾ ਨੂੰ ਸੰਬੋਧਨ ਕਰਨ ਆਉਂਣਾ ਸੀ।ਉਸਦੇ ਆਉਣ ਤੋਂ ਪਹਿਲਾਂ ਇਹ ਕਿਸਾਨ ਮਜਦੂਰ ਜਾਡਲਾ ਦੀ ਦਾਣਾ ਮੰਡੀ ਇਕੱਤਰ ਹੋਏ।ਜਿੱਥੋਂ ਇਹ ਆਪਣੇ ਵਾਹਨਾਂ ਉੱਤੇ ਪਿੰਡ ਜਾਡਲਾ ਵੱਲ ਚੱਲ ਪਏ।
ਰਸਤੇ ਵਿਚ ਨਹਿਰ ਦੇ ਪੁਲ ਤੇ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਜਿਥੋਂ ਇਹ ਕਿਸਾਨ ਮਜਦੂਰ ਪਿੰਡ ਉਟਾਲ ਵੱਲ ਨੂੰ ਚੱਲ ਪਏ।ਜਦੋਂ ਇਹ ਪਿੰਡ ਪਿੰਡ ਉਟਾਲ ਤੋਂ ਹੁੰਦੇ ਹੋਏ ਜਾਡਲਾ ਦੇ ਉਟਾਲ ਚੌਕ ਕੋਲ ਪਹੁੰਚੇ ਉੱਥੇ ਪਹਿਲਾਂ ਤੋਂ ਹੀ ਉਹਨਾ ਦੀ ਉਡੀਕ ਕਰ ਰਹੀ ਭਾਰੀ ਗਿਣਤੀ ਪੁਲਸ ਫੋਰਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਸਾਂ ਵਿੱਚ ਬੈਠਾ ਕੇ ਥਾਣਾ ਔੜ ਵਿਖੇ ਲੈ ਗਈ।
ਤਰਸੇਮ ਸਿੰਘ ਬੈਂਸ ਅਤੇ ਹਰੀ ਰਾਮ ਰਸੂਲਪੁਰੀ ਨੇ ਇਹਨਾਂ ਗ੍ਰਿਫਤਾਰੀਆਂ ਦੀ ਨਿੰਦਾ ਕਰਦਿਆਂ ਕਿਸਾਨਾਂ ਮਜਦੂਰਾਂ ਨੂੰ ਫੌਰੀ ਰਿਹਾ ਕਰਨ ਦੀ ਮੰਗ ਕੀਤੀ ਹੈ।