ਅਸੀਂ ਮੁਲਕ ਦੇ ਸੁਨਹਿਰੀ ਭਵਿੱਖ ਲਈ ਲੜਾਈ ਲੜ ਰਹੇ ਹਾਂ - ਡਾ. ਗਾਂਧੀ
- ਕਿਹਾ, ਮੋਦੀ ਸਰਕਾਰ ਦੇਸ਼ ਦੇ ਭਾਈਚਾਰੇ ਲਈ ਖ਼ਤਰਾ
- ਲੋਕਾਂ ਦੀ ਤਾਕਤ ਹੀ ਮੈਨੂੰ ਸੰਸਦ ਵਿੱਚ ਪਹੁੰਚਾਏਗੀ
ਜ਼ੀਰਕਪੁਰ, 19 ਮਈ 2024 - ਜਿਸਦੇ ਦਿਲ 'ਚ ਜਮਹੂਰੀਅਤ, ਧਰਮ ਨਿਰਪੱਖਤਾ,ਨਿਆਂ, ਇਨਸਾਫ਼ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਧੜਕਦੀਆਂ ਹਨ,ਉਸ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨ-ਮਜ਼ਦੂਰ, ਲੋਕ ਅਤੇ ਦੇਸ਼ ਵਿਰੋਧੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲਈ ਕੰਮ ਕਰੇ। ਇਹ ਵਿਚਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਹਲਕਾ ਡੇਰਾਬੱਸੀ ਦੇ ਪਿੰਡ ਛੱਤ, ਦਿਆਲਪੁਰਾ, ਨਾਭਾ, ਭਬਾਤ, ਲੋਹਗੜ੍ਹ, ਢਕੋਲੀ, ਪੀਰਮੁਛਲਾ, ਬਲਟਾਣਾ
ਦਾ ਦੌਰਾ ਕਰਦਿਆਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ।
ਇਹ ਪ੍ਰੋਗਰਾਮ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵਲੋਂ ਕਰਵਾਏ ਗਏ। ਡਾ ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਸਭ ਪਾਸਿਉਂ ਵੱਡੇ ਪੱਧਰ ਉੱਤੇ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਇਸ ਲੜਾਈ ਨੂੰ ਮੁਲਕ ਦੇ ਸੁਨਹਿਰੇ ਭਵਿੱਖ ਲਈ ਲੜ ਰਹੇ ਹਨ ਕਿਉਂਕਿ ਜਮਹੂਰੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਭਾਈਚਾਰੇ ਲਈ ਖ਼ਤਰਾ ਹੈ। ਇਹ ਸਰਕਾਰ ਦੇਸ਼ ਨੂੰ ਅਗਾਂਹ ਤੋਰਨ ਦੀ ਬਜਾਏ ਪਿੱਛੇ ਨੂੰ ਲਿਜਾ ਰਹੀ ਹੈ ਅਤੇ ਲੋਕਾਂ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੀ ਹੈ। ਇਸਤੋਂ ਇਲਾਵਾ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਪੰਜਾਬ ਸਿਰ ਲਗਾਤਾਰ ਕਰਜ਼ਾ ਚੜ੍ਹਾ ਰਹੀ ਹੈ। ਡਾਕਟਰ ਗਾਂਧੀ ਨੇ ਕਿਹਾ ਕਿ ਉਹ ਪਟਿਆਲਾ ਸਮੇਤ ਸਮੁੱਚੇ ਪੰਜਾਬ ਲਈ ਕੰਮ ਕਰਨ ਵਾਸਤੇ ਪ੍ਰਤੀਬੱਧ ਹਨ।
ਲੋਕਾਂ ਦੀ ਤਾਕਤ ਹੀ ਮੈਨੂੰ ਸੰਸਦ ਵਿੱਚ ਪਹੁੰਚਾਏਗੀ ਅਤੇ ਜਿੱਤ ਕੇ ਹਲ਼ਕੇ ਲਈ ਰਿਕਾਰਡ ਤੋੜ ਪ੍ਰਾਜੈਕਟ ਲਿਆਵਾਂਗੇ।
ਸਿਹਤ ਅਤੇ ਸਿੱਖਿਆ ਦਾ ਖ਼ੇਤਰ ਉਹਨਾਂ ਦੀ ਵਿਸ਼ੇਸ਼ ਤਰਜੀਹ ਰਹੇਗਾ। ਉਹਨਾਂ ਕਿਸਾਨਾਂ-ਮਜ਼ਦੂਰਾਂ, ਔਰਤਾਂ,ਨੌਜਵਾਨਾਂ,ਵਪਾਰੀ ਅਤੇ ਦੁਕਾਨਦਾਰ ਤਬਕੇ ਸਮੇਤ ਸਭ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟ ਕਰਨ ਲਈ ਕਿਹਾ ਤਾਂ ਜੋ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕੇ। ਉਹਨਾਂ ਦੱਸਿਆ ਕਿ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਅਸੀਂ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ। ਜਦਕਿ ਭਾਜਪਾ ਅਤੇ ਆਪ ਦਾ ਕਿਸਾਨਾਂ ਪ੍ਰਤੀ ਰਵਈਆ ਦੁਸ਼ਮਣਾਂ ਵਾਲਾ ਰਿਹਾ ਹੈ ਅਤੇ ਇਹ ਦੋਵੇਂ ਪਾਰਟੀਆਂ ਕਿਸਾਨਾਂ ਨਾਲ਼ ਵਾਅਦੇ ਕਰਕੇ ਮੁੱਕਰੀਆਂ ਹਨ। ਉਹਨਾਂ ਨੇ ਕਿਹਾ ਕਿ ਮੋਦੀ ਨੇ ਅੰਬਾਨੀ, ਅਡਾਨੀ ਦਾ ਕਰਜ਼ ਮਾਫ਼ ਕੀਤਾ ਹੈ ਪਰ ਕਾਂਗਰਸ ਪਾਰਟੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇਗੀ।
ਇਸ ਮੌਕੇ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਇਹ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇੱਕ ਇਤਿਹਾਸਕ ਚੋਣ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੱਥ ਮਿਲਾਉਣਾ ਹੋਵੇਗਾ। ਉਹਨਾਂ ਡਾ ਗਾਂਧੀ ਨੂੰ ਹਲਕਾ ਡੇਰਾਬੱਸੀ ਚੋਂ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬੁੱਧ ਰਾਮ ਧੀਮਾਨ, ਗਿਆਨ ਸਿੰਘ, ਨਿਰਮੈਲ ਸਿੰਘ, ਰਘਬੀਰ ਸਿੰਘ, ਜਸਵਿੰਦਰ ਸਿੰਘ ਪਿੰਕਾ, ਨੀਟੂ, ਜੈ ਸਿੰਘ ਸਤਾਬਗੜ੍ਹ,ਪਵਨ ਨਹਿਰੂ, ਸੁਰੇਸ਼ ਜਿੰਦਲ, ਨਵੀ ਧੀਮਾਨ, ,ਤਰਲੋਚਨ ਸਿੰਘ, ਹਰਭਜਨ ਸਿੰਘ, ਪਰਲਾਦ ਧੀਮਾਨ, ਬਲਬੀਰ ਸਿੰਘ,ਸੁਰਿੰਦਰ ਸਿੰਘ, ਅਵਤਾਰ ਸਿੰਘ ਲੋਹਗੜ੍ਹ, ਗੁਰਚਰਨ ਸਿੰਘ ਚੰਨੀ, ਗੁਰਸੇਵਕ ਸਿੰਘ ਪੂਨੀਆ, ਪੰਮੀ ਧੀਮਾਨ, ਜਿੰਦਰ ਤੁਰਕਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।