ਯੂਨੀਫ਼ਾਰਮ ਸਿਵਿਲ ਕੋਡ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿਤਾ ਜਾਵੇਗਾ, ਅਕਾਲੀ ਦਲ ਨੇ ਚੋਣ ਮਨੋਰਥ ਪੱਤਰ ਵਿਚ ਘੱਟਗਿਣਤੀਆਂ ਨਾਲ ਕੀਤਾ ਵਾਅਦਾ
- ਹੱਜ ਸਬਸਿਡੀ ਬਹਾਲ ਕਰਾਈ ਜਾਵੇਗੀ ਅਤੇ ਚੰਡੀਗੜ੍ਹ ਤੋਂ ਹਾਜੀਆਂ ਲਈ ਵਿਸ਼ੇਸ਼ ਉਡਾਣਾਂ ਚੱਲਣਗੀਆਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 19 ਮਈ 2024, ਸ਼੍ਰੋਮਣੀ ਅਕਾਲੀ ਦਲ ਨੇ ਅਪਣੇ ਚੋਣ ਮਨੋਰਥ ਪੱਤਰ ਵਿਚ ਸਮੁੱਚੇ ਦੇਸ਼ ਵਿਚ ਵਸਦੀਆਂ ਘੱਟਗਿਣਤੀਆਂ ਦੇ ਹੱਕ ਵਿਚ ਨਾਹਰਾ ਮਾਰਿਆ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਦੇਸ਼ ਵਿਚ ਯੂਨੀਫ਼ਾਰਮ ਸਿਵਿਲ ਕੋਡ ਲਾਗੂ ਨਹੀਂ ਹੋਣ ਦਿਤਾ ਜਾਵੇਗਾ। ਇਸ ਨਾਲ ਘੱਟਗਿਣਤੀਆਂ ਦੀ ਪਛਾਣ ਸਮਾਪਤ ਹੋਣ ਦਾ ਡਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ ਕਿਸੇ ਵੀ ਕੌਮੀ ਪਾਰਟੀ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਉਹ ਸਾਰੀਆਂ ਸ਼ਰਤਾਂ ਮਨਵਾਈਆਂ ਜਾਣਗੀਆਂ ਜਿਹੜੀਆਂ ਚੋਣ ਮਨੋਰਥ ਪੱਤਰ ਵਿਚ ਦਰਜ ਕੀਤੀਆਂ ਗਈਆਂ ਹਨ। ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ ਜਿਹੜੀ ਹੱਜ ਸਬਸਿਡੀ ਮੋਦੀ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਬੰਦ ਕਰ ਦਿਤੀ ਸੀ, ਹੁਣ ਉਸ ਨੂੰ ਹਰ ਕੀਮਤ ਉਤੇ ਬਹਾਲ ਕਰਾਇਆ ਜਾਵੇਗਾ।
ਇਥੇ ਜਾਰੀ ਇਕ ਬਿਆਨ ਵਿਚ ਮੈਨੀਫ਼ੈਸਟੋ ਕਮੇਟੀ ਦੀ ਵਿਸ਼ੇਸ਼ ਇਵਾਇਟੀ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਦਲ ਦਾ ਧੰਨਵਾਦ ਕੀਤਾ ਹੈ ਜਿਸ ਨੇ ਮੁਸਲਮਾਨਾਂ ਦੀਆਂ ਵਿਸ਼ੇਸ਼ ਮੰਗਾਂ ਨੂੰ ਚੋਣ ਮਨੋਰਥ ਪੱਤਰ ਵਿਚ ਪ੍ਰਮੁੱਖਤਾ ਨਾਲ ਸਥਾਨ ਦਿਤਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਹਾਜੀਆਂ ਲਈ ਹੱਜ ਸਬਸਿਡੀ ਬਹਾਲ ਹੋਣੀ ਚਾਹੀਦੀ ਹੈ ਤਾਕਿ ਆਰਥਕ ਪੱਖੋਂ ਕਮਜ਼ੋਰ ਮੁਸਲਮਾਨ ਵੀ ਸਾਊਦੀ ਅਰਬ ਜਾ ਕੇ ਹੱਜ ਕਰ ਸਕਣੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਹਾਜੀਆਂ ਨੂੰ ਹੁਣ ਦਿੱਲੀ ਤੋਂ ਉਡਾਣਾਂ ਵਿਚ ਬੈਠਣਾ ਪੈਂਦਾ ਹੈ ਪਰ ਅਕਾਲੀ ਦਲ ਦੀ ਕੋਸ਼ਿਸ਼ ਹੋਵੇਗੀ ਕਿ ਹਾਜੀਆਂ ਲਈ ਉਡਾਣਾਂ ਦਾ ਪ੍ਰਬੰਧ ਚੰਡੀਗੜ੍ਹ ਤੋਂ ਕੀਤਾ ਜਾਵੇ ਤਾਕਿ ਹਾਜੀਆਂ ਦੀ ਖੱਜਲ-ਖੁਆਰੀ ਨੂੰ ਰੋਕਿਆ ਜਾ ਸਕੇ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸੀ.ਏ.ਏ. ਜਿਸ ਵਿਚ ਗੁਆਂਢੀ ਮੁਲਕਾਂ ਤੋਂ ਆਏ ਮੁਸਲਮਾਨਾਂ ਨੂੰ ਨਾਗਰਿਕਤਾ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ, ਸੀ.ਏ.ਏ. ਵਿਚ ਮੁਸਲਮਾਨਾਂ ਨੂੰ ਵੀ ਸ਼ਾਮਲ ਕਰਾਉਣ ਲਈ ਜੱਦੋ-ਜਹਿਦ ਕੀਤੀ ਜਾਵੇਗੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਦੇ ਸਮੁੱਚੇ ਲੋਕਾਂ ਦੀ ਭਲਾਈ ਦੀ ਗੱਲ ਕੀਤੀ ਗਈ ਹੈ ਅਤੇ ਸਾਰਿਆਂ ਦੇ ਹੱਕ ਸੁਰੱਖਿਅਤ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਕ ਦਿਨ ਪਹਿਲਾਂ ਰਿਲੀਜ਼ ਕੀਤੇ ਗਏ ਚੋਣ ਮਨੋਰਥ ਪੱਤਰ ਵਿਚ ਅਕਾਲੀ ਦਲ ਨੇ ਕੋਈ ਅਜਿਹਾ ਵਾਅਦਾ ਨਹੀਂ ਕੀਤਾ ਜਿਸ ਨੂੰ ਬਾਅਦ ਵਿਚ ਪੂਰਾ ਕਰਨ ਸਮੇਂ ਮੁਸ਼ਕਿਲਾਂ ਪੇਸ਼ ਆਉਣ ਅਤੇ ਪਾਰਟੀ ਦੀ ਕਹਿਣੀ ਅਤੇ ਕਰਨੀ ਵਿਚ ਫਰਕ ਆਵੇ।