ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ
- ਚੋਣਾਂ ਤੋਂ ਬਾਅਦ ਮਾਨ ਸਰਕਾਰ ਖਿਲਾਫ ਅੰਦੋਲਨ ਛੇੜਨ ਦਾ ਅਹਿਦ ਲਿਆ
ਲੁਧਿਆਣਾ, 19 ਮਈ, 2024: ਲੁਧਿਆਣਾ ਵਿੱਚ ਆਪਣੇ ਹਾਲੀਆ ਚੋਣ ਪ੍ਰਚਾਰ ਦੌਰਾਨ, ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਨੋ ਓਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ.) ਸਬੰਧੀ ਮਾਨ ਸਰਕਾਰ ਦੇ ਅਧੂਰੇ ਵਾਅਦਿਆਂ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸੇ ਸਿਲਸਿਲੇ ਵਿੱਚ, ਵੜਿੰਗ ਨੂੰ ਲੁਧਿਆਣਾ ਦੇ ਲੋਕਾਂ ਤੋਂ ਕਾਫੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਜ਼ਮੀਨਾਂ ਅਤੇ ਜਾਇਦਾਦਾਂ ਦੀ ਰਜਿਸਟਰੀ ਲਈ ਐਨਓਸੀ ਬੰਦ ਕਰਨ ਸਬੰਧੀ ਐਲਾਨ ਦੇ ਬਾਵਜੂਦ ਇਹ ਅਜੇ ਵੀ ਇੱਕ ਜ਼ਰੂਰੀ ਸ਼ਰਤ ਬਣੀ ਹੋਈ ਹੈ। ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਐਨਓਸੀ ਨਾ ਮਿਲਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੁੱਦੇ 'ਤੇ ਬੋਲਦਿਆਂ ਵੜਿੰਗ ਨੇ ਕਿਹਾ, “ਇਹ ਸਿਰਫ ਇਕ ਝੂਠ ਨਹੀਂ ਹੈ, ਜੋ ਕਿ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਬੋਲਿਆ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਗੁੰਮਰਾਹ ਕੀਤਾ ਹੈ। ਉਨ੍ਹਾਂ ਦੀ ਸਰਕਾਰ ਨਸ਼ੇ ਦੇ ਖਾਤਮੇ, ਰੁਜ਼ਗਾਰ ਸਿਰਜਣ, ਸਿੱਖਿਆ ਅਤੇ ਸਿਹਤ ਢਾਂਚੇ ਵਿੱਚ ਸੁਧਾਰ, ਕਿਸਾਨਾਂ ਨੂੰ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਸਮੇਤ ਆਪਣੇ ਮੁੱਖ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ।”
ਵੜਿੰਗ ਨੇ ਕਿਹਾ, "ਪੰਜਾਬ ਨੂੰ ਲੋਕਾਂ ਦੀ ਭਲਾਈ ਨੂੰ ਸਮਰਪਿਤ ਸਰਕਾਰ ਦੀ ਲੋੜ ਹੈ, ਨਾ ਕਿ ਕਿਸੇ ਵੀ ਝੂਠੇ ਵਾਅਦਿਆਂ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਨਿਰਭਰ ਰਹਿਣ ਵਾਲੀ ਸਰਕਾਰ ਦੀ। ਅਸੀਂ ਚੋਣਾਂ ਤੋਂ ਬਾਅਦ 'ਆਪ' ਸਰਕਾਰ ਨੂੰ ਐਨਓਸੀ ਦੇ ਮੁੱਦੇ 'ਤੇ ਜਵਾਬਦੇਹ ਬਣਾਉਣ ਲਈ ਪ੍ਰਦਰਸ਼ਨ ਕਰਾਂਗੇ।"
ਇਸ ਦੌਰਾਨ ਵੜਿੰਗ ਦੀ ਚੋਣ ਮੁਹਿੰਮ ਨੂੰ ਲੁਧਿਆਣਾ ਉੱਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਿਆਂ ਵਿੱਚ ਭਾਰੀ ਸਮਰਥਨ ਮਿਲਿਆ। ਜਿੱਥੇ ਛੋਟੀਆਂ ਮੀਟਿੰਗਾਂ ਵੱਡੀਆਂ ਰੈਲੀਆਂ ਵਿੱਚ ਬਦਲ ਗਈਆਂ। ਉਨ੍ਹਾਂ ਨੇ ਲੁਧਿਆਣਾ ਦੇ ਭਵਿੱਖ ਲਈ ਇੱਕ ਮਜ਼ਬੂਤ ਯੋਜਨਾ ਦੀ ਰੂਪਰੇਖਾ ਦਿੰਦੇ ਹੋਏ ਆਪਣਾ ਵਿਆਪਕ ਵਿਜ਼ਨ ਡਾਕੂਮੈਂਟ “ਡਰਾਈਵ ਇਟ” ਵੀ ਸਾਂਝਾ ਕੀਤਾ।
ਡਾਕੂਮੈਂਟ ਲੁਧਿਆਣਾ ਲਈ ਇੱਕ ਵਿਆਪਕ ਯੋਜਨਾ ਪੇਸ਼ ਕਰਦਾ ਹੈ, ਜਿਸ ਵਿੱਚ ਉਦਯੋਗਿਕ ਪੁਨਰ ਸੁਰਜੀਤੀ, ਵਾਤਾਵਰਣ ਸਥਿਰਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਦੌਰਾਨ ਪ੍ਰਮੁੱਖ ਪਹਿਲਕਦਮੀਆਂ ਵਿੱਚ 650 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨਾ, ਟਿਕਾਊ ਵਿਕਾਸ ਲਈ ਇੱਕ ਖੋਜ ਫੰਡ ਸਥਾਪਤ ਕਰਨਾ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਿਸ਼ੇਸ਼ ਪੈਕੇਜ ਨਾਲ ਉਦਯੋਗਿਕ ਕਲੱਸਟਰ ਬਣਾਉਣਾ ਸ਼ਾਮਲ ਹੈ। ਜਦੋਂ ਕਿ ਬੁਨਿਆਦੀ ਢਾਂਚੇ ਦੀ ਤਰੱਕੀ ਵਿੱਚ ਇੱਕ ਅਤਿ-ਆਧੁਨਿਕ ਪ੍ਰਦਰਸ਼ਨੀ ਕੇਂਦਰ, ਰਿੰਗ ਰੋਡ ਪ੍ਰੋਜੈਕਟ ਨੂੰ ਪੂਰਾ ਕਰਨਾ ਅਤੇ ਵੱਡੇ ਪੱਧਰ 'ਤੇ ਰੁੱਖ ਲਗਾਉਣਾ ਸ਼ਾਮਲ ਹੈ। ਇਹ ਜ਼ਮੀਨੀ ਪਾਣੀ ਲਈ ਸਰਫ਼ੇਸ ਵਾਟਰ, ਇਲੈਕਟ੍ਰਿਕ ਅਤੇ ਸੀਐਨਜੀ ਆਟੋ ਲਈ ਸਬਸਿਡੀਆਂ ਤੇ ਸਰਕਾਰੀ ਇਮਾਰਤਾਂ ਨੂੰ 100% ਸੂਰਜੀ ਊਰਜਾ ਨਾਲ ਲੈਸ ਕਰਨ ਦੇ ਟੀਚੇ ਦੀ ਵਕਾਲਤ ਕਰਦਾ ਹੈ। ਬਾਕੀ ਪ੍ਰੋਜੈਕਟਾਂ ਵਿੱਚ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ, ਖੇਡ ਸਹੂਲਤਾਂ ਦਾ ਨਵੀਨੀਕਰਨ, ਸਾਹਿਰ ਲੁਧਿਆਣਵੀ ਯਾਦਗਾਰੀ ਕੇਂਦਰ ਦੀ ਸਥਾਪਨਾ, ਇਲੈਕਟ੍ਰਿਕ ਬੱਸਾਂ ਨਾਲ ਜਨਤਕ ਆਵਾਜਾਈ ਨੂੰ ਵਧਾਉਣਾ ਅਤੇ ਇੰਟੈਲੀਜੈਂਟ ਟਰੈਫਿਕ ਸਿਸਟਮ ਨੂੰ ਲਾਗੂ ਕਰਨਾ ਸ਼ਾਮਲ ਹੈ।