ਔਰਤਾਂ ਦਾ ਸ਼ਸ਼ਕਤੀਕਰਨ ਅਕਾਲੀ ਦਲ ਦੇ ਮੁੱਖ ਏਜੰਡੇ ਵਿਚ ਸ਼ਾਮਲ: ਬਬੀਤਾ ਸ਼ਰਮਾ
- ਐਨ ਕੇ ਸ਼ਰਮਾ ਦੇ ਹੱਕ ’ਚ ਪਟਿਆਲਾ ਸ਼ਹਿਰ ’ਚ ਕੀਤੀਆਂ ਮੀਟਿੰਗਾਂ
ਪਟਿਆਲਾ, 19 ਮਈ 2024: ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਧਰਮ ਪਤਨੀ ਬਬੀਤਾ ਸ਼ਰਮਾ ਨੇ ਅੱਜ ਆਪਣੇ ਪਤੀ ਦੇ ਹੱਕ ਵਿਚ ਸ਼ਹਿਰ ਵਿਚ ਦੋ ਤਿੰਨ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਬਬੀਤਾ ਸ਼ਰਮਾ ਨੇਕਿਹਾ ਕਿ ਔਰਤਾਂ ਦਾ ਸ਼ਸ਼ਕਤੀਕਰਨ ਅਕਾਲੀ ਦਲ ਦੇ ਮੁੱਖ ਏਜੰਡੇ ਵਿਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਸਕੀਮ, ਆਟਾ ਦਾਲ ਸਕੀਮ ਤੇ ਲੜਕੀਆਂ ਲਈ ਮੁਫਤ ਸਾਈਕਲ ਯੋਜਨਾ ਵਰਗੀਆਂ ਸਕੀਮਾਂ ਨਾਲ ਲੜਕੀਆਂ ਤੇ ਔਰਤਾਂ ਨੂੰ ਸ਼ਸ਼ਕਤ ਕੀਤਾ ਗਿਆ ਤੇ ਹੁਣ ਵੀ ਔਰਤਾਂ ਦਾ ਸ਼ਸ਼ਕਤੀਕਰਨ ਅਕਾਲੀ ਦਲ ਦੇ ਏਜੰਡੇ ਵਿਚ ਪ੍ਰਮੁੱਖਤਾ ਨਾਲ ਸ਼ੁਮਾਰ ਹੈ।
ਬਬੀਤਾ ਸ਼ਰਮਾ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਔਰਤਾਂ ਨਾਲ ਧੋਖਾ ਹੀ ਕੀਤਾ ਹੈ। ਕਾਂਗਰਸ ਨੇ ਚਾਰ ਮਹੀਨਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਜਦੋਂ ਕਿ ਆਮ ਆਦਮੀ ਪਾਰਟੀ (ਆਪ) ਨੇ 10 ਦਿਨਾਂ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਦੋਵੇਂ ਪਾਰਟੀਆਂ ਇਹ ਨਸ਼ਾ ਖਤਮ ਕਰਨ ਵਿਚ ਨਾਕਾਮ ਰਹੀਆਂ ਤੇ ਉਲਟਾ ਨਸ਼ੇ ਦਾ ਪਸਾਰ ਵੱਧ ਗਿਆ ਜਿਸਦਾ ਖਮਿਆਜ਼ਾ ਔਰਤਾਂ ਨੂੰ ਭੁਗਤਣਾ ਪੈ ਰਿਹਾ ਹੈ ਜਿਹਨਾਂ ਦੇ ਪਤੀ, ਪੁੱਤਰ, ਭਰਾ ਨਸ਼ਿਆਂ ਕਾਰਨ ਮਰ ਰਹੇ ਹਨ।
ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਨੇ ਔਰਤਾਂ ਨੂੰ ਵਾਅਦਾ ਕੀਤਾ ਸੀ ਕਿ ਹਰ ਮਹੀਨੇ ਇਕ-ਇਕ ਹਜ਼ਾਰ ਰੁਪਏ ਔਰਤਾਂ ਦੇ ਖ਼ਾਤੇ ਵਿਚ ਪਾਏ ਜਾਣਗੇ ਪਰ ਸਰਕਾਰ ਬਣੀ ਨੂੰ ਢਾਈ ਸਾਲ ਦੇ ਨੇੜੇ ਦਾ ਸਮਾਂ ਬੀਤ ਗਿਆ ਪਰ ਹਾਲੇ ਤੱਕ ਇਕ ਵੀ ਔਰਤ ਨੂੰ ਫੁੱਟੀ ਕੌਡੀ ਤੱਕ ਨਹੀਂ ਮਿਲੀ। ਉਹਨਾਂ ਕਿਹਾ ਕਿ ਆਪ ਤੇ ਕਾਂਗਰਸ ਦੋਵੇਂ ਔਰਤਾਂ ਦੀਆਂ ਦੁਸ਼ਮਣ ਸਾਬਤ ਹੋਈਆਂ ਹਨ। ਇਸ ਮੌਕੇ ਸਥਾਨਕ ਆਗੂ ਮੌਜੂਦ ਸਨ।