ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ
- ਆਪ ਵਿੱਚ ਸ਼ਾਮਿਲ ਹੋਣ ਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ ਸੁਆਗਤ
- ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੀ ਹੋਵੇਗੀ ਵੱਡੀ ਜਿੱਤ: ਡਾ. ਐਸ.ਐਸ. ਆਹਲੂਵਾਲੀਆ
ਚੰਡੀਗੜ੍ਹ, 20 ਮਈ, 2024: ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਵਾਸੀਆਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਨੂੰ ਹਰਾਉਣ ਲਈ ਸ਼ਹਿਰ ਦੇ ਹਰ ਕੋਨੇ ਤੋਂ ਅਵਾਜ਼ਾ ਬੁਲੰਦ ਹੋ ਰਹੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਅੱਜ ਹੋਰ ਬਲ ਉਦੋਂ ਮਿਲਿਆ ਜਦੋਂ ਵਾਰਡ 29 ਤੋਂ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲੜ ਚੁੱਕੇ ਰਵੀ ਸਿੰਘ ਆਪਣੀ ਪੂਰੀ ਟੀਮ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋ ਗਏ।
ਆਪ ਵਿੱਚ ਸ਼ਾਮਿਲ ਹੋਣ ਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਆਪ ਚੰਡੀਗੜ੍ਹ ਦੇ ਕੋ–ਇੰਚਾਰਜ ਡਾ. ਐਸ.ਐਸ. ਆਹਲੂਵਾਲੀਆ ਨੇ ਰਵੀ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਸੁਆਗਤ ਕੀਤਾ। ਇਸ ਮੌਕੇ ਵਾਰਡ 29 ਤੋਂ ਆਪ ਦੇ ਕੌਂਸਲਰ ਮਨੋਵਰ ਵੀ ਮੌਜੂਦ ਰਹੇ। ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਵਿਸ਼ਾਲ, ਦੀਪਕ ਰਾਇ, ਸ਼ਿਵਮ, ਸਾਗਰ, ਕੁਸ਼, ਕ੍ਰਿਸ਼, ਅਭੀਸ਼ੇਕ, ਦੀਪਕ ਪ੍ਰਧਾਨ, ਅਰਵਿੰਦ, ਨਿਤਿਨ, ਸਲਿਲ, ਅੰਕੁਸ਼, ਸਾਗਰ, ਆਰਯਨ, ਵਿਵੇਕ, ਅਜੇ, ਰਾਕੇਸ਼ ਅਤੇ ਵਿਜੇ ਸ਼ਾਮਿਲ ਹਨ।
ਆਪ ਵਿੱਚ ਸ਼ਾਮਿਲ ਹੋਏ ਰਵੀ ਸਿੰਘ ਨੇ ਇਸ ਮੌਕੇ ਉਤੇ ਕਿਹਾ ਕਿ ਬੀਜੇਪੀ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਵਿੱਚ ਗਰੀਬ ਵਰਗ ਦਾ ਰਹਿਣਾ ਬਹੁਤ ਮੁਸਕਿਲ ਹੋ ਗਿਆ ਹੈ। ਬੀਜੇਪੀ ਦੇ ਲੋਕ ਸਭਾ ਮੈਂਬਰ ਕਿਰਣ ਖੇਰ ਵਲੋਂ ਪਿਛਲੇ 10 ਸਾਲਾਂ ਦੌਰਾਨ ਗਰੀਬ ਵਰਗ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਚੰਡੀਗੜ੍ਹ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਗਿਆ ਹੈ। ਬੀਜੇਪੀ ਵਲੋਂ ਚੋਣਾਂ ਦੌਰਾਨ ਚੰਡੀਗੜ੍ਹ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਬੀਜੇਪੀ ਦੇ ਰਾਜ ਵਿੱਚ ਗਰੀਬ ਵਰਗ ਦਾ ਜਿਊਣਾ ਬਹੁਤ ਮੁਸਕਿਲ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਆਪਣਾ ਪੂਰਾ ਸਮਰਥਨ ਦੇਣ ਅਤੇ ਵੱਡੇ ਫਰਕ ਨਾਲ ਜਿਤਾਉਣ ਦਾ ਐਲਾਨ ਕੀਤਾ।
ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਕਿ ਚੰਡੀਗੜ੍ਹ ਵਿੱਚ ਆਪ ਦਾ ਪਰਿਵਾਰ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਚੰਡੀਗੜ੍ਹ ਵਾਸੀ ਬੀਜੇਪੀ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਤੋਂ ਬਹੁਤ ਦੁਖੀ ਹਨ। ਬੀਜੇਪੀ ਵਲੋਂ ਚੋਣਾਂ ਦੌਰਾਨ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲਈਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰੱਬ ਆਸਰੇ ਛੱਡ ਦਿੱਤਾ ਜਾਂਦਾ ਹੈ। ਪਰ ਹੁਣ ਚੰਡੀਗੜ੍ਹ ਦੀ ਜਨਤਾ ਜਾਗਰੁਕ ਹੋ ਗਈ ਹੈ ਅਤੇ ਇਸ ਵਾਰ ਚੰਡੀਗੜ੍ਹ ਵਾਸੀ ਬੀਜੇਪੀ ਦੇ ਝੂਠੇ ਵਾਅਦਿਆਂ ਵਿੱਚ ਫਸਣ ਵਾਲੇ ਨਹੀਂ।
ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਤਾਨਾਸ਼ਾਹੀ ਕੀਤੀ ਜਾ ਰਹੀ ਹੈ। ਬੀਜੇਪੀ ਵਲੋਂ ਲੋਕ ਸਭਾ ਚੋਣਾਂ ਵਿੱਚ ਵਿਕਾਸ ਦੇ ਨਾਮ ਤੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਹੈ। ਦੇਸ਼ ਨੂੰ ਧਰਮ ਦੇ ਨਾਮ ਤੇ ਵੰਡਿਆ ਜਾ ਰਿਹਾ ਹੈ, ਜੋ ਕਿ ਦੇਸ਼ ਦੇ ਲਈ ਬਹੁਤ ਖਤਰਨਾਕ ਹੈ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਵਾਸੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਚੰਡੀਗੜ੍ਹ ਵਾਸੀ ਬੀਜੇਪੀ ਨੂੰ ਸੱਤਾ ਤੋਂ ਉਤਾਰਨ ਲਈ ਕਾਹਲੇ ਪਏ ਹੋਏ ਹਨ। ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਵਾਸੀਆਂ ਵਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦੇ ਉਤਸ਼ਾਹ ਤੋਂ ਸਾਫ਼ ਨਜਰ ਆ ਰਿਹਾ ਹੈ, ਕਿ ਮਨੀਸ਼ ਤਿਵਾੜੀ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਨੂੰ ਵੱਡੇ ਫਰਕ ਦੇ ਨਾਲ ਹਰਾਉਣਗੇ।