ਢਿੱਲੋਂ ਪਿਓ-ਪੁੱਤ ਨੇ ਹਲਕਾ ਡੇਰਾਬੱਸੀ ਚ ਡਾ. ਗਾਂਧੀ ਦੀ ਚੋਣ ਮੁਹਿੰਮ ਭਖਾਈ
ਕਿਹਾ, ਅਸੀਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਂ ਉੱਤੇ ਵੋਟਾਂ ਮੰਗ ਰਹੇ ਹਾਂ
ਡੇਰਾਬੱਸੀ, 20 ਮਈ 2024 - ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਨੂੰ ਹਲਕਾ ਡੇਰਾਬੱਸੀ ਅੰਦਰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਦੂਜੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਪੂਰੇ ਹਲਕੇ ਵਿੱਚ ਸ. ਦੀਪਇੰਦਰ ਸਿੰਘ ਢਿੱਲੋਂ ਅਤੇ ਉਹਨਾਂ ਦੇ ਪੁੱਤਰ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋ ਹਰੇਕ ਵਾਰਡ ਅਤੇ ਪਿੰਡ ਵਿਚ ਚੋਣ ਮੁਹਿੰਮ ਭਖਾਈ ਹੋਈ ਹੈ। ਅੱਜ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਡੇਰਾਬੱਸੀ ਦੇ ਪਿੰਡ ਅਮਲਾਲਾ, ਚਡਿਆਲਾ, ਰਾਜੋਮਾਜਰਾ, ਹੁੰਬੜਾ, ਹੰਸਾਲਾ, ਲੈਹਲੀ, ਲਾਲੜੂ ਅਤੇ ਉਦੈਵੀਰ ਢਿੱਲੋਂ ਵੱਲੋਂ ਪਿੰਡ ਜਵਾਹਰਪੁਰ, ਜਨੇਤਪੁਰ, ਹੈਬਤਪੁਰ, ਡੇਰਾਬੱਸੀ ਵਿਖੇ ਵੱਡੇ ਇਕੱਠਾਂ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਉਹਨਾਂ ਕਾਂਗਰਸ ਸਰਕਾਰ ਸਮੇ ਹਲਕੇ ਵਿਚ ਕੀਤੀਆਂ ਪ੍ਰਾਪਤੀਆਂ ਗਿਣਾਉਂਦਿਆਂ ਡਾ. ਗਾਂਧੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਭਾਜਪਾ ਕੋਲ ਵੋਟਾਂ ਮੰਗਣ ਦਾ ਕੋਈ ਆਧਾਰ ਹੀ ਨਹੀ ਹੈ। ਪਰ ਅਸੀਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਂ ਉੱਤੇ ਵੋਟਾਂ ਮੰਗ ਰਹੇ ਹਾਂ। ਉਹਨਾਂ ਕਿਹਾ ਕਿ ਜਿਸ ਹਿਸਾਬ ਨਾਲ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਉਸ ਤੋਂ ਡਾਕਟਰ ਗਾਂਧੀ ਦੀ ਜਿੱਤ ਪੱਕੀ ਹੈ, ਬੱਸ ਐਲਾਨ ਹੋਣਾ ਹੀ ਬਾਕੀ ਹੈ।
ਦੀਪਇੰਦਰ ਢਿੱਲੋਂ ਵਲੋਂ ਵੱਖ ਵੱਖ ਵਾਰਡਾਂ ਵਿੱਚ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਉਹ ਡੇਰਾਬੱਸੀ ਹਲਕੇ ਨੂੰ ਆਪਣਾ ਘਰ ਸਮਝਦੇ ਹਨ ਅਤੇ ਇਥੋਂ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਬਰਾਬਰ ਦੇ ਭਾਈਵਾਲ ਹਨ। ਉਹਨਾਂ ਕਿਹਾ ਕਿ ਉਹ ਇਸ ਚੋਣ ਉੱਤੇ ਆਪਣੇ ਵੱਲੋਂ ਲੜੀ ਵਿਧਾਨ ਸਭਾ ਦੀ ਚੋਣ ਤੋਂ ਵੀ ਵੱਧ ਜ਼ੋਰ ਲਾ ਰਹੇ ਹਨ ਅਤੇ ਡਾ ਗਾਂਧੀ ਨੂੰ ਸਭ ਤੋਂ ਵੱਧ ਵੋਟਾਂ ਨਾਲ ਇਥੋਂ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਇਸ ਮੌਕੇ ਸਰਪੰਚ ਬਲਿਹਾਰ ਸਿੰਘ ਬੱਲੀ , ਨਰਿੰਦਰ ਸਿੰਘ, ਪਰਮਜੀਤ ਸਿੰਘ, ਨੈਬ ਸਿੰਘ ਹੰਬੜਾ, ਹਰਪਾਲ ਸਿੰਘ, ਜਸਵੀਰ ਸਿੰਘ ਸਰਪੰਚ, ਮਾਸਟਰ ਮੋਹਣ ਸਿੰਘ ਕੌਂਸਲਰ, ਪਵਨ ਨਾਰੰਗ ਕੌਂਸਲਰ, ਗੁਰਵਿੰਦਰ ਸਿੰਘ ਛੋਟਾ ਸਮੇਤ ਕਾਂਗਰਸ ਆਗੂ ਹਾਜ਼ਰ ਸਨ।