ਆਪ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਡੇਰਾਬੱਸੀ ਹਲਕਾ ਵਿਕਾਸ ਪੱਖੋਂ ਪਛੜਿਆ : ਸ਼ਰਮਾ
- ਲਾਲੜੂ ਦੇ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਮਈ 2024: ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਕਿਹਾ ਕਿ ਡੇਰਾਬੱਸੀ ਵਿਧਾਨ ਸਭਾ ਹਲਕਾ ਉਨ੍ਹਾਂ ਦੀ ਕਰਮਭੂਮੀ ਹੈ। ਇਹ ਡੇਰਾਬੱਸੀ ਹਲਕੇ ਦੇ ਲੋਕਾਂ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ ਕਿ ਉਨ੍ਹਾਂ ਨੇ ਇੱਕ ਸਰਪੰਚ ਦੇ ਅਹੁਦੇ ਤੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਅਤੇ ਪੰਜਾਬ ਵਿੱਚ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਅਤੇ ਹੁਣ ਪਟਿਆਲਾ ਦੇ ਲੋਕ ਉਨ੍ਹਾਂ ਨੂੰ ਦੇਸ਼ ਦੀ ਸੰਸਦ ਵਿੱਚ ਬਿਠਾਉਣ ਲਈ ਕੰਮ ਕਰਨਗੇ।
ਸ੍ਰੀ.ਸ਼ਰਮਾ ਅੱਜ ਚੋਣ ਪ੍ਰਚਾਰ ਮੁਹਿੰਮ ਦੌਰਾਨ ਸਾਬਕਾ ਕੌਂਸਲਰ ਰਘੁਵੀਰ ਜੁਨੇਜਾ ਅਤੇ ਰੋਹਿਤ ਰਤਨ ਦੀ ਅਗਵਾਈ ਹਠੇ ਲਾਲੜੂ ਮੰਡੀ ਵਿੱਚ ਕਰਵਾਈ ਗਈ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਈ ਹੈ, ਉਦੋਂ ਹੀ ਡੇਰਾਬੱਸੀ ਨੇ ਵਿਕਾਸ ਦੇ ਮਾਮਲੇ ਵਿੱਚ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ।ਸ੍ਰੀ.ਸ਼ਰਮਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਦੋ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਡੇਰਾਬੱਸੀ ਹਲਕਾ ਵਿਕਾਸ ਪੱਖੋਂ ਦੱਸ ਸਾਲ ਪਿੱਛੇ ਚਲਾ ਗਿਆ ਹੈ। ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਪਟਿਆਲਾ ਤੋਂ ਸਾਂਸਦ ਰਹੀ ਮਹਾਰਾਣੀ ਪ੍ਰਨੀਤ ਕੌਰ ਦੇ ਖਾਸਮਖਾਸ ਦੀਪਇੰਦਰ ਸਿੰਘ ਢਿੱਲੋਂ ਅੱਜ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਧਰਮਵੀਰ ਗਾਂਧੀ ਲਈ ਵੋਟਾਂ ਮੰਗ ਰਹੇ ਹਨ। ਕਈ ਪੁਰਾਣੇ ਕਾਂਗਰਸੀ ਭਾਜਪਾ ਵਿੱਚ ਸਾਮਿਲ ਹੋ ਕੇ ਪ੍ਰਨੀਤ ਕੌਰ ਲਈ ਚੋਣ ਪ੍ਰਚਾਰ ਕਰ ਰਹੇ ਹਨ।
ਪ੍ਰਨੀਤ ਕੌਰ ਅਤੇ ਗਾਂਧੀ ਕੋਲ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਡੇਰਾਬੱਸੀ ਖੇਤਰ ਵਿੱਚ ਕਰਵਾਏ ਵਿਕਾਸ ਕਾਰਜਾਂ ਨੂੰ ਗਿਣਾਉਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਚੋਣ ਪ੍ਰਚਾਰ ਕਰ ਰਹੇ ਹਨ ਪਰ ਪੂਰੇ ਲੋਕ ਸਭਾ ਹਲਕੇ ਵਿੱਚ ਕਿਤੇ ਵੀ ਪ੍ਰਨੀਤ ਕੌਰ ਅਤੇ ਗਾਂਧੀ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ ਨਹੀਂ ਮਿਲੀ ਹੈ।ਸ੍ਰੀ.ਸ਼ਰਮਾ ਨੇ ਚੋਣ ਜਨਸਭਾਵਾਂ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੇ ਨਾਮ ’ਤੇ ਉਨ੍ਹਾਂ ਦੇ ਕੀਤੇ ਹੋਏ ਕੰਮ ਅਤੇ ਕਿਰਦਾਰ ਨੂੰ ਦੇਖ ਕੇ ਵੋਟ ਪਾਉਣ। ਇਸੇ ਦੌਰਾਨ ਸ੍ਰੀ ਸ਼ਰਮਾ ਨੇ ਹਸਨਪੁਰ, ਦੱਪਰ, ਲਾਲੜੂ, ਡਹਿਰ ਵਿਖੇ ਵੀ ਚੋਣ ਮੀਟਿੰਗਾਂ ਨੂੰ ਸਬੋਧਨ ਕੀਤਾ। ਇਸ ਮੌਕੇ ਸਰਪੰਚ ਜਸਪਾਲ ਸਿੰਘ ਜੀਰਕਪੁਰ, ਮਨਜੀਤ ਮਲਕਪੁਰ, ਬਹਾਦਰ ਸਿੰਘ ਝਾਰਮੜੀ, ਬੁੱਲੂ ਰਾਣਾ, ਸੰਜੂ ਪ੍ਰਜਾਪਤ, ਬਲਦੇਵ ਵਲੇਚਾ, ਅਜੈਬ ਸਿੰਘ ਦੱਪਰ, ਬਲਕਾਰ ਰੰਗੀ, ਗੁਰਵਿੰਦਰ ਸਿੰਘ ਹਸਨਪੁਰ, ਨਿਰਮੈਲ ਮਲਕਪੁਰ, ਹਰਵਿੰਦਰ ਝਾਰਮੜੀ, ਬਲਬੀਰ ਲੈਹਲੀ ਤੇ ਪਰਮਜੀਤ ਸਿੰਘ ਜਾਸਤਨਾਂ ਖੁਰਦ ਸਮੇਤ ਹੋਰ ਆਗੂ ਹਾਜ਼ਰ ਸਨ।