ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ
- ਰੋਡ ਸ਼ੋਅ 'ਚ ਹੋਏ ਭਾਰੀ ਇਕੱਠ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਜਨਤਾ 13-0 ‘ਤੇ ਲਾਵੇਗੀ ਮੋਹਰ -ਭਗਵੰਤ ਮਾਨ
- ਕਿਹਾ- ਲੁਧਿਆਣਾ ਪੰਜਾਬ ਦਾ ਦਿਲ, ਇਸ ਖੇਤਰ ਲਈ ਮੇਰੇ ਕੋਲ ਵਿਕਾਸ ਦੀਆਂ ਵੱਡੀਆਂ ਯੋਜਨਾਵਾਂ ਹਨ
- ਪੰਜਾਬੀ ਇੱਕਜੁੱਟ ਹੋ ਕੇ ਬੋਲੇ - 'ਪੰਜਾਬ ਬਣੇਗਾ ਹੀਰੋ, ਇਸ ਵਾਰ 13-0'; ਮੈਨੂੰ ਪੰਜਾਬ ਦੀ ਹਰ ਲੋਕ ਸਭਾ ਸੀਟ ਤੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ: ਭਗਵੰਤ ਮਾਨ
- ਬਿੱਟੂ ਨੂੰ ਤਾਂ ਆਪਣੀ ਸਿਆਸੀ ਪਾਰਟੀ ਵੀ ਯਾਦ ਨਹੀਂ ਰਹਿੰਦੀ ਅਤੇ ਦੂਜਾ ਬਠਿੰਡਾ ਤੋਂ ਪੈਰਾਸ਼ੂਟ ਉਮੀਦਵਾਰ ਹੈ, ਸਾਨੂੰ ਉਨ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਸਾਨੂੰ ਆਪਣੇ ਕੰਮ ਦੇ ਅਧਾਰ ‘ਤੇ ਵੋਟਾਂ ਮਿਲ ਰਹੀਆਂ ਹਨ: ਭਗਵੰਤ ਮਾਨ
- ਲੁਧਿਆਣਾ ਮੇਰੀ ਕਰਮਭੂਮੀ, ਮੈਂ ਇਸ ਸ਼ਹਿਰ ਨੂੰ ਖ਼ੂਬਸੂਰਤ ਬਣਾਉਣ ਅਤੇ ਇਸ ਨੂੰ ਸਹੀ ਅਰਥਾਂ ਵਿਚ ਪੰਜਾਬ ਦਾ ਮਨਚੈਸਟਰ ਬਣਾਉਣ ਲਈ ਸਭ ਕੁਝ ਕਰਾਂਗਾ: ਭਗਵੰਤ ਮਾਨ
ਲੁਧਿਆਣਾ/ਚੰਡੀਗੜ੍ਹ, 20 ਮਈ 2024 - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ‘ਆਪ’ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਭੇਜਣ। ਮਾਨ ਨੇ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਉਹ ਇਸ ਨੂੰ ਸੁੰਦਰ ਬਣਾਉਣ ਅਤੇ ਇਸ ਨੂੰ ਸਹੀ ਅਰਥਾਂ ਵਿੱਚ ਪੰਜਾਬ ਦਾ ਮਾਨਚੈਸਟਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਮਾਨ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਲੁਧਿਆਣਾ ਦੀ ਤਰੱਕੀ ਦਾ ਮਤਲਬ ਪੰਜਾਬ ਦੀ ਤਰੱਕੀ ਕਰਨਾ ਹੈ।
ਮਾਨ ਨੇ ਲੁਧਿਆਣਾ ਲੋਕ ਸਭਾ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਦੀ ਭਾਰੀ ਭੀੜ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਅਤੇ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ 'ਭੋਲਾ' ਗਰੇਵਾਲ ਵੀ ਮੌਜੂਦ ਸਨ।
ਮਾਨ ਨੇ ਲੁਧਿਆਣਾ ਪੂਰਬੀ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੜਕਦੀ ਗਰਮੀ ਦੇ ਬਾਵਜੂਦ ਰੋਡ ਸ਼ੋਅ 'ਚ ਸ਼ਾਮਿਲ ਹੋਏ ਲੁਧਿਆਣਾ ਵਾਸੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਹਲਕੇ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ, ਪੰਜਾਬ ਦੇ ਵੋਟਰ ਇੱਕਮੁੱਠ ਹੋ ਕੇ ਕਹਿ ਰਹੇ ਹਨ ਕਿ 'ਪੰਜਾਬ ਬਣੇਗਾ ਹੀਰੋ, ਇਸ ਵਾਰ 13-0'।
ਮਾਨ ਨੇ ਕਿਹਾ ਕਿ ਅਸੀਂ ਪੜ੍ਹਦੇ ਸੀ ਕਿ ਲੁਧਿਆਣਾ ਪੰਜਾਬ ਦਾ ਮਾਨਚੈਸਟਰ ਹੈ, ਇਹ ਸਾਡੇ ਸੂਬੇ ਦਾ ਦਿਲ ਹੈ, ਪਰ ਪਿਛਲੇ ਕੁਝ ਸਮੇਂ ਤੋਂ ਇਹ ਦਿਲ ਕਈ ਬਿਮਾਰੀਆਂ ਨਾਲ ਜੂਝ ਰਿਹਾ ਹੈ ਜੋ ਕਿ ਕੁਝ ਭ੍ਰਿਸ਼ਟ ਆਗੂਆਂ ਦੀ ਦੇਣ ਹੈ। ਮਾਨ ਨੇ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਹੈ, ਜੇਕਰ ਉਨ੍ਹਾਂ ਵਿਚ ਕੁਝ ਚੰਗਾ ਕਰਨ ਦੀ ਤਾਕਤ ਹੈ ਤਾਂ ਉਹ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਨੂੰ ਇੱਕ ਸੁੰਦਰ ਸ਼ਹਿਰ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਕੋਲ ਇਸ ਖੇਤਰ ਲਈ ਵੱਡੀਆਂ ਵਿਕਾਸ ਯੋਜਨਾਵਾਂ ਹਨ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਲੁਧਿਆਣਾ ਨੂੰ ਸਹੀ ਅਰਥਾਂ ਵਿੱਚ ਪੰਜਾਬ ਦਾ ਮਾਨਚੈਸਟਰ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਨਅਤਕਾਰ ਨਾ ਸਿਰਫ਼ ਖ਼ੁਦ ਲੁਧਿਆਣਾ ਆਉਣ, ਜਦੋਂ ਕਿ ਇੱਥੇ ਅਜਿਹਾ ਸੁਖਾਵਾਂ ਮਾਹੌਲ ਹੋਵੇ ਕਿ ਉਹ ਹੋਰਨਾਂ ਨੂੰ ਵੀ ਆਪਣੇ ਕਾਰੋਬਾਰ ਨਾਲ ਆਉਣ ਲਈ ਪ੍ਰੇਰਿਤ ਕਰਨ।
ਰੋਡ ਸ਼ੋਅ ਵਿੱਚ ਸ਼ਾਮਲ ਨੌਜਵਾਨਾਂ ਨੇ ਮਾਨ ਨੂੰ ‘ਬਾਈ ਜੀ’ (ਵੱਡੇ ਭਰਾ ਲਈ ਮਲਵਈ ਸ਼ਬਦ) ਕਹਿ ਕੇ ਸੰਬੋਧਨ ਕੀਤਾ। ਮਾਨ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪਹਿਲੀ ਵਾਰ ਤੁਹਾਡਾ ਮੁੱਖ ਮੰਤਰੀ ਤੁਹਾਡਾ 'ਬਾਈ ਜੀ' ਹੈ, ਪਹਿਲਾਂ ਪੰਜਾਬੀਆਂ ਨੂੰ ਕਾਕਾ ਜੀ, ਰਾਜਾ ਸਾਹਿਬ, ਮਹਾਰਾਜਾ ਜੀ, ਬੀਬਾ ਜੀ, ਛੋਟੀ ਬੀਬਾ ਜੀ ਹੀ ਕਿਹਾ ਜਾਂਦਾ ਸੀ। ਮਾਨ ਨੇ ਕਿਹਾ ਕਿ ਲੁਧਿਆਣਾ 'ਚ ਉਨ੍ਹਾਂ ਦੇ ਵਿਰੋਧੀਆਂ 'ਚੋਂ ਇਕ (ਰਵਨੀਤ ਬਿੱਟੂ) ਨੂੰ ਅਜੇ ਵੀ ਆਪਣੀ ਸਿਆਸੀ ਪਾਰਟੀ ਯਾਦ ਨਹੀਂ ਹੈ ਅਤੇ ਦੂਜਾ ਬਠਿੰਡਾ ਤੋਂ ਪੈਰਾਸ਼ੂਟ ਉਮੀਦਵਾਰ ਹੈ। ਇਸ ਲਈ 'ਆਪ' ਨੂੰ ਕਿਸੇ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮਾਨ ਨੇ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਮੈਂ ਇੱਥੇ ਸਕੂਲਾਂ, ਸਰਕਾਰੀ ਹਸਪਤਾਲਾਂ, ਬੁਨਿਆਦੀ ਢਾਂਚੇ, ਵਿਕਾਸ ਪ੍ਰੋਜੈਕਟਾਂ ਦੀ ਗੱਲ ਕਰਨ ਆਇਆ ਹਾਂ, ਮੈਂ ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਨ ਆਇਆ ਹਾਂ।
ਸੀਐਮ ਮਾਨ ਨੇ ਕਿਹਾ ਕਿ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਆਖ਼ਰੀ ਗਰੰਟੀ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਕੁਝ ਮਹੀਨਿਆਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ,ਪੰਜਾਬ ਸਰਕਾਰ ਨੂੰ ਨਹਿਰੀ ਪਾਣੀ, ਡੀਆਰਐਸ ਅਤੇ ਫ਼ਸਲੀ ਵਿਭਿੰਨਤਾ ਨਾਲ 7000 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਉਸ ਪੈਸੇ ਨਾਲ ਉਹ ਇਸ ਸਕੀਮ ਨੂੰ ਸ਼ੁਰੂ ਕਰਨਗੇ। ਮਾਨ ਨੇ ਕਿਹਾ ਕਿ ਮੁਫ਼ਤ ਬਿਜਲੀ ਦੀ ਤਰ੍ਹਾਂ ਇਹ ਸਕੀਮ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਲਦੀ ਹੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਜਪਾ ਸੋਚ ਰਹੀ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਵੇਗੀ ਪਰ 'ਆਪ' ਨੂੰ ਰੋਕਿਆ ਜਾਂ ਡਰਾਇਆ ਨਹੀਂ ਜਾ ਸਕਦਾ। ਮੈਂ ਰੋਜ਼ਾਨਾ ਕੇਜਰੀਵਾਲ ਜੀ ਨਾਲ ਆਪਣੀ ਚੋਣ ਮੁਹਿੰਮ ਬਾਰੇ ਗੱਲ ਕਰਦਾ ਹਾਂ ਅਤੇ ਨਾਅਰੇ ਲਗਾਉਣ ਦੀਆਂ ਤੁਹਾਡੀਆਂ ਵੀਡੀਓਜ਼ ਸਾਂਝੀਆਂ ਕਰਦਾ ਹਾਂ, ਭੀੜ ਦੇ ਇਨ੍ਹਾਂ ਦ੍ਰਿਸ਼ਾਂ ਅਤੇ ਤੁਹਾਡੇ ਜੋਸ਼ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਸ਼ਾਨਦਾਰ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਟਨ ਵੋਟਿੰਗ ਮਸ਼ੀਨ 'ਤੇ 1 ਨੰਬਰ 'ਤੇ ਹੋਵੇਗਾ ਅਤੇ ਇਹ ਯਕੀਨੀ ਬਣਾਓ ਕਿ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਵੀ ਨੰਬਰ 1'ਤੇ ਆਉਗੀ।
ਮਾਨ ਦੀ ਬੱਚਿਆਂ ਨੂੰ ਸਲਾਹ-ਅਸੀਂ 10 ਦਿਨ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ, ਸਾਰਾ ਸਮਾਂ ਖੇਡਣ ਵਿੱਚ ਨਾ ਲਗਾਓ, ਪੜ੍ਹਾਈ ਵੀ ਕਰਿਓ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਇਸ ਸਮੇਂ ਗਰਮੀ ਨਾਲ ਜੂਝ ਰਿਹਾ ਹੈ, ਬੱਚਿਆਂ ਅਤੇ ਮਾਪਿਆਂ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਛੁੱਟੀਆਂ 10 ਦਿਨ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਸਕੂਲ 21 ਮਈ ਤੋਂ ਬੰਦ ਹਨ। ਮੁੱਖ ਮੰਤਰੀ ਨੇ ਬੱਚਿਆਂ ਨੂੰ ਜ਼ਿਆਦਾ ਸਮਾਂ ਖੇਡਣ ਵਿੱਚ ਨਾ ਲਗਾਉਣ ਦੀ ਸਲਾਹ ਦਿੱਤੀ, ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਪੜ੍ਹਾਈ 'ਤੇ ਵੀ ਧਿਆਨ ਦੇਣ ਲਈ ਕਿਹਾ।