ਪ੍ਰਵਾਸੀ ਵੀਰ ਪੰਜਾਬ ਦਾ ਅਨਿੱਖੜਵਾਂ ਅੰਗ, ਲੁਧਿਆਣਾ ਅਤੇ ਪੰਜਾਬ ਦੀ ਤਰੱਕੀ ਚ ਇਹਨਾਂ ਦਾ ਵਿਸ਼ੇਸ਼ ਯੋਗਦਾਨ - ਬੈਂਸ
ਲੁਧਿਆਣਾ, 21 ਮਈ 2024 - ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪ੍ਰਵਾਸੀ ਵੀਰ ਪੰਜਾਬ ਦਾ ਅਨਿੱਖੜਵਾਂ ਅੰਗ ਹਨ ਅਤੇ ਪੰਜਾਬ ਦਾ ਤਰੱਕੀ ਦੀਆਂ ਬਰੂਹਾਂ ਤੇ ਪਹੁੰਚਣਾ ਪ੍ਰਵਾਸੀ ਵੀਰਾਂ ਦੀ ਮਿਹਨਤ ਦਾ ਹੀ ਨਤੀਜਾ ਹੈ।
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਲੁਧਿਆਣਾ ਲੋਕ ਸਭਾ ਅਧੀਨ ਆਉਂਦੇ ਹਲਕੇ ਲੁਹਾਰਾ ਦੇ ਨੇੜਲੇ ਇਲਾਕੇ ਕਰਮਜੀਤ ਨਗਰ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਸੇ ਦਾ ਨਾਮ ਨਾ ਲੈਂਦੇ ਹੋਏ ਪਰਵਾਸੀ ਵੀਰਾਂ ਦੇ ਹੱਕ ਵਿੱਚ ਜੋਰ ਦਿੰਦੇ ਹੋਏ ਕਿਹਾ ਕਿ ਪ੍ਰਵਾਸੀ ਵੀਰਾਂ ਕਾਰਣ ਹੀ ਅੱਜ ਪੰਜਾਬ ਵਿਸ਼ੇਸ ਕਰਕੇ ਲੁਧਿਆਣਾ ਦੇ ਉਦਯੋਗ ਦੀ ਵਿਸ਼ੇਸ ਉਪਲਭਤਾ ਦੀ ਗੱਲ ਪੰਜਾਬ ਤੋਂ ਬਾਹਰਲੇ ਸੂਬਿਆਂ ਸਮੇਤ ਵਿਦੇਸ਼ੀ ਮੁਲਕਾਂ ਵਿੱਚ ਵੀ ਬੜੇ ਉਤਸਾਹ ਨਾਲ ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਪ੍ਰਵਾਸੀ ਵੀਰਾਂ ਦਾ ਵਿਸ਼ੇਸ ਯੋਗਦਾਨ ਹੈ ਅਤੇ ਕੁਝ ਰਾਜਨੀਤਕ ਲੂੰਬੜ ਅਤੇ ਝੂਠੇ ਲੋਕ ਆਪਣੇ ਨਿੱਜੀ ਫਾਇਦੇ ਲਈ ਅਜਿਹੀਆਂ ਗੱਲਾਂ ਕਰਦੇ ਹਨ ਜਿਨ੍ਹਾ ਨੂੰ ਲੁਧਿਆਣਾ ਦੇ ਅਨੇਕਾਂ ਵੋਟਰ ਅਤੇ ਪ੍ਰਵਾਸੀ ਵੀਰ ਪਹਿਲੀ ਜੂਨ ਨੂੰ ਵੋਟਾਂ ਰਾਹੀਂ ਅਜਿਹਾ ਜਵਾਬ ਦੇਣਗੇ ਕਿ ਅਜਿਹੇ ਬਿਆਨ ਦੇਣ ਵਾਲਿਆਂ ਦੀਆਂ ਜਮਾਨਤਾਂ ਤੱਕ ਨਹੀਂ ਬਚਣਗੀਆਂ ਜਦ ਕਿ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਸੂਬੇ ਦੀਆਂ ਸਾਰੀਆਂ 13 ਸੀਟਾਂ ਵਿਚੋਂ ਸੱਭ ਤੋਂ ਵੱਡੀ ਲੀਡ ਨਾਲ ਜਿੱਤ ਕੇ ਪਾਰਲੀਮੈਂਟ ਵਿਚ ਜਾਣਗੇ ਅਤੇ ਆਪਣੇ ਪ੍ਰਵਾਸੀ ਵੀਰਾਂ ਦੇ ਹੱਕ ਵਿੱਚ ਵੱਡੇ ਫੈਸਲੇ ਲਾਗੂ ਕਰਵਾਉਣਗੇ।
ਉਹਨਾਂ ਸਮੂਹ ਪ੍ਰਵਾਸੀ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਜ ਤੋਂ ਹੀ ਰਾਜਾ ਵੜਿੰਗ ਦੀ ਚੋਣ ਕਮਾਨ ਸੰਭਾਲ ਲੈਣ ਜਿਥੋਂ ਤੱਕ ਪ੍ਰਵਾਸੀ ਵੀਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਕੰਮਾਂ ਦਾ ਸਵਾਲ ਹੈ ਤਾਂ ਇਸ ਸਬੰਧੀ ਨਾ ਹੀ ਪਹਿਲਾਂ ਉਹਨਾਂ ਨੂੰ ਕੋਈ ਦਿੱਕਤ ਆਈ ਹੈ ਅਤੇ ਨਾ ਹੀ ਅੱਗੇ ਆਵੇਗੀ। ਇਸ ਮੌਕੇ ਸਮੂਹ ਪ੍ਰਵਾਸੀ ਵੀਰਾਂ ਵੱਲੋਂ ਨਾਹਰੇ ਲਗਾ ਕੇ ਰਾਜਾ ਵੜਿੰਗ ਨੂੰ ਜਿਤਾਉਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਤੇ ਸਤਪਾਲ ਲੁਹਾਰਾ, ਕਾਲਾ ਲੁਹਾਰਾ, ਹਨੂੰਮਾਨ ਮੌਰੀਆ, ਮੁਕੇਸ਼ ਕੁਮਾਰ, ਅਨਿਲ ਕੁਮਾਰ, ਸੋਨੂੰ, ਰਾਮ ਕੁਮਾਰ, ਅਮਿਤ ਕੁਮਾਰ, ਵਿਸ਼ਾਲ ਮਿਸ਼ਰਾ ਤੇ ਹੋਰ ਸ਼ਾਮਿਲ ਸਨ।