ਡੇਰਾਬੱਸੀ ਵਿਧਾਨ ਸਭਾ ਹਲਕੇ 'ਚ ਦਿਵਿਆਂਗ ਅਤੇ 85 ਸਾਲ ਤੋਂ ਜ਼ਿਆਦਾ ਉਮਰ ਦੇ 43 ਵੋਟਰਾਂ ਨੇ ਘਰ ਤੋਂ ਵੋਟ ਪਾਈ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 21 ਮਈ, 2024: ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ, ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਵਿਆਂਗ ਅਤੇ 85 ਸਾਲ ਤੋਂ ਅਧਿਕ ਉਮਰ ਦੇ ਜੋ ਮਤਦਾਤਾ ਮਿਤੀ 01 ਜੂਨ ਨੂੰ ਪੋਲਿੰਗ ਬੂਥ ‘ਤੇ ਜਾ ਕੇ ਮਤਦਾਨ ਕਰਨ ਤੋ ਅਸਮੱਰਥ ਹਨ, ਉੁਨ੍ਹਾਂ ਤੋ ਬੂਥ ਲੈਵਲ ਅਫਸਰਾਂ ਦੁਆਰਾ ਘਰ-ਘਰ ਜਾ ਕੇ ਆਪਣੀ ਵੋਟ ਘਰ ਤੋਂ ਹੀ ਪਾਉਣ ਜਾਂ ਮਿਤੀ 01 ਜੂਨ 2024 ਨੂੰ ਆਪਣੇ ਬੂਥ ‘ਤੇ ਜਾ ਕੇ ਮਤਦਾਨ ਕਰਨ ਬਾਰੇ ਸਹਿਮਤੀ ਲਈ ਗਈ ਸੀ, ਜਿਸ ਤਹਿਤ ਪਟਿਆਲਾ ਸੰਸਦੀ ਹਲਕੇ ‘ਚ ਪੈਂਦੇ ਵਿਧਾਨ ਸਭਾ 112-ਡੇਰਾਬੱਸੀ ਵਿਖੇ ਅਜਿਹੇ 44 (ਦਿਵਿਆਂਗ-25 ਅਤੇ 85 ਸਾਲ ਤੋਂ ਅਧਿਕ-19) ਵੋਟਰਾਂ ਨੇ ਆਪਣੀ ਸਹਿਮਤੀ ਦਿੱਤੀ ਸੀ ਕਿ ਉਹ ਆਪਣੀ ਵੋਟ ਪੋਸਟਲ ਬੈਲੇਟ ਪੇਪਰ ਰਾਂਹੀ ਆਪਣੇ ਘਰ ਤੋ ਹੀ ਪਾਉਣਾ ਚਾਹੁੰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਿਮਾਂਸ਼ੂ ਗੁਪਤਾ, ਸਹਾਇਕ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਡੇਰਾਬੱਸੀ ਵੱਲੋਂ ਦੱਸਿਆ ਗਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 112-ਡੇਰਾਬੱਸੀ ਵਿਖੇ ਉਕਤ ਅਨੁਸਾਰ ਇਨ੍ਹਾਂ 44 ਵੋਟਰਾਂ ਦੀ ਵੋਟ ਪਵਾਉਣ ਲਈ 6 ਟੀਮਾਂ ਦਾ ਗਠਨ ਕੀਤਾ ਗਿਆ, ਜੋ ਅੱਜ ਮਿਤੀ 21.05.2024 ਨੂੰ ਵੱਖ-ਵੱਖ 6 ਰੂਟਾਂ ਤੇ ਜਾ ਕੇ ਉਨ੍ਹਾਂ ਪੀ.ਡਬਲਿਯੂ.ਡੀ ਅਤੇ 85 ਸਾਲ ਤੋਂ ਅਧਿਕ ਉਮਰ ਵਰਗ ਦੇ ਵੋਟਰਾਂ ਤੋਂ ਮਤਦਾਨ ਕਰਵਾ ਕੇ ਆਏ, ਤਾਂ ਜੋ ਇਨ੍ਹਾਂ ਵੋਟਰਾਂ ਨੂੰ ਬਾਅਦ ਵਿੱਚ ਆਪਣੀ ਵੋਟ ਪਾਉਣ ਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਂ 43 ਵੋਟਾਂ ਪਈਆਂ ਜਦਕਿ ਇੱਕ ਮਤਦਾਤਾ ਦੇ ਦੇਹਾਂਤ ਕਾਰਨ ਉਸ ਦੀ ਵੋਟ ਨਹੀਂ ਪਈ।
ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫਸਰ ਪਟਿਆਲਾ ਵੱਲੋ ਇਨ੍ਹਾਂ ਸਭ ਪ੍ਰਕਿਰਿਆਵਾਂ ਬਾਰੇ ਸਬੰਧਤ ਉਮੀਦਵਾਰਾਂ ਨੂੰ ਵੀ ਅਗਾਊਂ ਸੂਚਿਤ ਕਰ ਦਿੱਤਾ ਗਿਆ ਸੀ ਤਾਂ ਜੋ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਬਰਕਰਾਰ ਰੱਖਿਆ ਜਾ ਸਕੇ।