ਫਰੀਦਕੋਟ: ਹੰਸ ਰਾਜ ਹੰਸ ਨੇ ਰੱਥ 'ਤੇ ਬੈਠ ਕੇ ਕੀਤਾ ਚੋਣ ਪ੍ਰਚਾਰ
ਦੀਪਕ ਗਰਗ
ਕੋਟਕਪੂਰਾ 22 ਮਈ 2024- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਸੰਦਰਭ ਵਿੱਚ ਭਾਜਪਾ ਨੇ ਹਾਈਟੈੱਕ ਪ੍ਰਚਾਰ ਸ਼ੁਰੂ ਕਰਕੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਦਾ ਰਾਹ ਅਖਤਿਆਰ ਕਰ ਲਿਆ ਹੈ। ਦਰਅਸਲ ਮੰਗਲਵਾਰ ਸ਼ਾਮ ਭਾਜਪਾ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ ਰੱਥ 'ਤੇ ਬੈਠ ਕੇ ਚੋਣ ਪ੍ਰਚਾਰ ਕੀਤਾ।
ਇਸ ਵਿਸ਼ੇਸ਼ ਰੱਥ ਦਾ ਪ੍ਰਬੰਧ ਸੀਨੀਅਰ ਭਾਜਪਾ ਆਗੂ ਸੂਬਾ ਸਿੰਘ ਮਾਨ ਵੱਲੋਂ ਕੀਤਾ ਗਿਆ। ਇਹ ਰੱਥ ਸਥਾਨਕ ਜੈਤੋ ਰੋਡ ਚੁੰਗੀ ਦੇ ਆਲੇ-ਦੁਆਲੇ ਗਲੀਆਂ ਵਿੱਚ ਘੁੰਮਿਆ। ਇਸ ਦੌਰਾਨ ਰੱਥ 'ਤੇ ਸਵਾਰ ਹੰਸ ਰਾਜ ਹੰਸ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ। ਭਾਜਪਾ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੱਧੂ, ਭਾਜਪਾ ਦੀ ਸਾਬਕਾ ਸੂਬਾ ਸਕੱਤਰ ਸੁਨੀਤਾ ਗਰਗ ਅਤੇ ਫਰੀਦਕੋਟ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵੀ ਰੱਥ 'ਤੇ ਖੜ੍ਹੇ ਹੋ ਕੇ ਵੋਟਰਾਂ ਨੂੰ ਅਪੀਲ ਕੀਤੀ।
ਮੌਕੇ ’ਤੇ ਮੌਜੂਦ ਭਾਜਪਾ ਫਰੀਦਕੋਟ ਦੇ ਜ਼ਿਲ੍ਹਾ ਉਪ ਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ ਅਤੇ ਸੀਨੀਅਰ ਆਗੂ ਕਮਲ ਗਰਗ ਅਤੇ ਸੂਬਾ ਸਿੰਘ ਮਾਨ ਨੇ ਦੱਸਿਆ ਕਿ ਇਹ ਵਿਜੇ ਰੱਥ ਹੈ। ਸਾਈਂ ਹੰਸ ਰਾਜ ਹੰਸ ਨੂੰ ਮਿਲ ਰਹੇ ਸਮਰਥਨ ਕਾਰਨ ਉਨ੍ਹਾਂ ਦੀ ਜਿੱਤ ਯਕੀਨੀ ਹੋ ਗਈ ਹੈ। 4 ਜੂਨ ਨੂੰ ਇਸੇ ਰੱਥ 'ਤੇ ਬੈਠ ਕੇ ਵੋਟਰਾਂ ਦਾ ਧੰਨਵਾਦ ਕੀਤਾ ਜਾਵੇਗਾ।