ਆਮ ਆਦਮੀ ਪਾਰਟੀ ਨੇ ਆਪਣੀ ਇਮਾਨਦਾਰੀ ਕਰਕੇ ਪੰਜਾਬ ਵਿਚ ਪਹਿਲੀ ਵਾਰ ਸਰਕਾਰ ਬਣਾਈ: ਰੰਧਾਵਾ
- ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਆਏ, ਸਕੂਲਾਂ ਨੂੰ ਅਪਗਰੇਡ ਕੀਤਾ ਤੇ ਹਸਪਤਾਲਾਂ ਨੂੰ ਵਧੀਆ ਬਣਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਮਈ 2024: ਹਲਕਾ ਡੇਰਾਬੱਸੀ ਦੇ ਵਿਧਾਇਕ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਖੇਤਰ ਦੇ ਪਿੰਡਾਂ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਡਾ. ਬਲਬੀਰ ਸਿੰਘ ਲਈ ਪਿੰਡ ਹੁੰਬੜਾ, ਹੰਸਾਲਾ, ਰਾਜੋਮਾਜਰਾ, ਟਿਵਾਣਾ, ਖਜੂਰ ਮੰਡੀ, ਸਾਧਾਪੁਰ, ਡੰਗਡੇਹਰਾ, ਪੁਨਸਰ, ਜਾਸਤਨਾ ਖੁਰਦ ਅਤੇ ਜਾਸਤਨਾ ਕਲਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਪਿੰਡ ਜਾਸਤਨਾ ਖੁਰਦ ਦੇ ਸਮੂਹ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ, ਕਿਉਂਕਿ ਇਸ ਪਿੰਡ ਵਿਚੋਂ ਬਿਨਾਂ ਕਿਸੇ ਪੱਖਪਾਤ ਤੋਂ ਪਹਿਲ ਦੇ ਆਧਾਰ ਤੇ 12 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਾਪਤ ਹੋਈਆਂ ਹਨ, ਜਿਸ ਲਈ ਪਿੰਡ ਵਾਸੀਆਂ ਨੇ ਵਿਧਾਇਕ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਵਿਧਾਇਕ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਇਮਾਨਦਾਰੀ ਕਰਕੇ ਦਿੱਲੀ ਵਿਚ 3 ਵਾਰ ਅਤੇ ਪੰਜਾਬ ਵਿਚ ਪਹਿਲੀ ਵਾਰ ਸਰਕਾਰ ਬਣਾਈ, ਜਿਸ ਤੋਂ ਬਾਅਦ ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਆਏ, ਸਕੂਲਾਂ ਨੂੰ ਅਪਗਰੇਡ ਕੀਤਾ ਤੇ ਹਸਪਤਾਲਾਂ ਨੂੰ ਵਧੀਆ ਬਣਾਇਆ ਗਿਆ। ਸ੍ਰ.ਰੰਧਾਵਾ ਨੇ ਕਿਹਾ ਕਿ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਲੋਕ ਭਾਰੀ ਬਹੁਮਤ ਨਾਲ ਡਾਕਟਰ ਬਲਬੀਰ ਸਿੰਘ ਨੂੰ ਜਿਤਾ ਕੇ ਸੰਸਦ ਵਿੱਚ ਭੇਜਣਗੇ।
ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿੱਚ ਕਿਸੇ ਵੀ ਪਾਰਟੀ ਦਾ ਉਮੀਦਵਾਰ ਜਾਂ ਵਰਕਰ ਬਾਹਰ ਨਹੀਂ ਨਿਕਲ ਰਿਹਾ ਅਤੇ ਸਿਰਫ ਆਮ ਆਦਮੀ ਪਾਰਟੀ ਹੈ ਜੋ 44- 45 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਡਾ. ਬਲਬੀਰ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡਾਂ ਦੇ ਪੰਚ-ਸਰਪੰਚ, ਸਰਕਲ਼ ਪ੍ਰਧਾਨ, ਅਹੁਦੇਦਾਰ ਅਤੇ ਬੜੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਰਹੇ।