ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ (ਵੀਡੀਓ ਵੀ ਦੇਖੋ)
- ਭੁਲੱਥ 'ਚ ਜਨਸਭਾ ਨੂੰ ਕੀਤਾ ਸੰਬੋਧਨ
- ਭਗਵੰਤ ਮਾਨ ਦਾ ਖਹਿਰਾ 'ਤੇ ਦੋਸ਼ - ਮਾਰਚ 2018 'ਚ ਖਹਿਰਾ ਨੇ ਬਿਜਲੀ ਬੋਰਡ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਰਾਮਗੜ੍ਹ ਦੀਆਂ ਮੇਰੀ 10 ਮੋਟਰਾਂ ਦੀ ਬਿਜਲੀ ਸਬਸਿਡੀ ਖ਼ਤਮ ਕੀਤੀ ਜਾਵੇ, ਮੈਂ ਇਨ੍ਹਾਂ ਦੇ ਬਿੱਲ ਭਰਾਂਗਾ, ਪਰ ਅੱਜ ਤੱਕ 1 ਰੁਪਿਆ ਵੀ ਨਹੀਂ ਦਿੱਤਾ
- ਮਾਨ ਦਾ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ 'ਤੇ ਤਿੱਖਾ ਹਮਲਾ - ਅਸੀਂ ਉਨ੍ਹਾਂ ਨੂੰ ਸੰਗਰੂਰ ਤੋਂ ਹਰਾ ਕੇ ਭੇਜਾਂਗੇ, ਤੁਸੀਂ ਖਹਿਰੇ ਨੂੰ ਭੁਲੱਥ ਛੱਡਣ ਦੇ ਸਬਕ ਵੱਜੋਂ ਅਗਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਹਰਾ ਦੇਣ
- ਭਗਵੰਤ ਮਾਨ ਦਾ ਲੋਕਾਂ ਨਾਲ ਵਾਅਦਾ, ਕਿਹਾ- ਜੰਮੂ-ਕਟੜਾ ਹਾਈਵੇ ਲਈ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵਾਂਗੇ ਅਤੇ ਵੱਖ-ਵੱਖ ਥਾਵਾਂ 'ਤੇ ਕੱਟ ਵੀ ਲੱਗਣਗੇ ਤਾਂ ਜੋ ਸਥਾਨਕ ਲੋਕ ਵੀ ਲਾਹੇਵੰਦ ਕਾਰੋਬਾਰ ਕਰ ਸਕਣ
- ਭਗਵੰਤ ਮਾਨ ਦੀ ਸਰਕਾਰ ਵਿਚ ਪੰਜਾਬ ਦੇ ਆਮ ਲੋਕਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਹੈ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ- ਡਾ. ਰਾਜਕੁਮਾਰ ਚੱਬੇਵਾਲ
ਹੁਸ਼ਿਆਰਪੁਰ/ਚੰਡੀਗੜ੍ਹ, 24 ਮਈ 2024 - ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਭੁਲੱਥ ਵਿਖੇ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ।
ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਾਂਗਰਸੀ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਗਰੰਟੀ ਦਿੰਦਾ ਹਾਂ ਕਿ ਉਹ ਤੁਹਾਡੇ ਵਿਧਾਇਕ ਰਹਿਣਗੇ, ਕਿਉਂਕਿ ਅਸੀਂ ਉਨ੍ਹਾਂ ਨੂੰ ਸੰਗਰੂਰ ਤੋਂ ਹਰਾ ਕੇ ਫੇਰ ਇੱਥੇ ਵਾਪਸ ਭੇਜਾਂਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/2448035132251489
ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਖ਼ੁਦ ਚੋਣਾਂ ਜਿੱਤਣ ਲਈ ਕਿਤੇ ਨਹੀਂ ਜਾਂਦੇ। ਉਹ ਕਿਸੇ ਨੂੰ ਹਰਾਉਣ ਜਾਂ ਜਿਤਾਉਣ ਲਈ ਮਿਲੀਭੁਗਤ ਤਹਿਤ ਜਾਂਦੇ ਹਨ। ਪਿਛਲੀ ਵਾਰ ਉਹ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਤੋਂ ਚੋਣ ਲੜੇ ਸਨ। ਇਸ ਦੇ ਲਈ ਉਨ੍ਹਾਂ ਨੂੰ ਕਾਫ਼ੀ ਪੈਸਾ ਮਿਲਿਆ।
ਉਨ੍ਹਾਂ ਕਿਹਾ ਕਿ ਜੇਕਰ ਸੁਖਪਾਲ ਖਹਿਰਾ ਨੇ ਦੋ ਨੰਬਰ ਦੇ ਕੰਮ ਅਤੇ ਭ੍ਰਿਸ਼ਟਾਚਾਰ ਨਹੀਂ ਕੀਤਾ ਤਾਂ ਉਨ੍ਹਾਂ ਕੋਲ ਐਨੀ ਜ਼ਮੀਨ ਅਤੇ ਪੈਸਾ ਕਿੱਥੋਂ ਆਇਆ। ਮਾਨ ਨੇ ਭੁਲੱਥ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਤੁਸੀਂ ਉਨ੍ਹਾਂ ਨੂੰ ਵਿਧਾਇਕ ਤੋਂ ਵੀ ਹਟਾ ਦਿਓ ਤਾਂ ਜੋ ਉਹ ਤੁਹਾਨੂੰ ਛੱਡਣ ਦਾ ਮਤਲਬ ਚੰਗੀ ਤਰ੍ਹਾਂ ਜਾਣ ਸਕਣ।
ਭਗਵੰਤ ਮਾਨ ਨੇ ਸੁਖਪਾਲ ਖਹਿਰਾ 'ਤੇ ਆਪਣੀ ਮੋਟਰ ਦੀ ਬਿਜਲੀ ਸਬਸਿਡੀ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕਾਂ 'ਚ ਚੰਗਾ ਅਕਸ ਬਣਾਉਣ ਲਈ 15 ਮਾਰਚ 2018 ਨੂੰ ਸੁਖਪਾਲ ਖਹਿਰਾ ਨੇ ਬਿਜਲੀ ਬੋਰਡ ਨੂੰ ਪੱਤਰ ਲਿਖਿਆ ਸੀ, ਜਿਸ 'ਚ ਉਨ੍ਹਾਂ ਕਿਹਾ ਕਿ ਰਾਮਗੜ੍ਹ ਵਿੱਚ ਮੇਰੀਆਂ 10 ਮੋਟਰਾਂ ਦੀ ਬਿਜਲੀ ਸਬਸਿਡੀ ਖ਼ਤਮ ਕੀਤੀ ਜਾਵੇ। ਮੈਂ ਸਬਸਿਡੀ ਨਹੀਂ ਲੈਣਾ ਚਾਹੁੰਦਾ। ਮੈਂ ਇਨ੍ਹਾਂ ਦੇ ਬਿੱਲ ਭਰਾਂਗਾ। ਪਰ ਅੱਜ ਤੱਕ ਉਨ੍ਹਾਂ ਨੇ ਇੱਕ ਰੁਪਿਆ ਵੀ ਅਦਾ ਨਹੀਂ ਕੀਤਾ, ਜਦੋਂ ਕਿ ਉਨ੍ਹਾਂ ਦੀਆਂ 10 ਮੋਟਰਾਂ ਦੀ ਸਾਲਾਨਾ ਬਿਜਲੀ ਸਬਸਿਡੀ 4 ਲੱਖ 36 ਹਜ਼ਾਰ ਰੁਪਏ ਬਣਦੀ ਹੈ।
ਮਾਨ ਨੇ ਭਾਜਪਾ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਹ ਚੋਣ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਭਾਜਪਾ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਜੇਕਰ ਉਹ ਇਸ ਵਾਰ ਜਿੱਤ ਗਏ ਤਾਂ ਸੰਵਿਧਾਨ ਬਦਲ ਦੇਣਗੇ, ਫਿਰ ਭਾਰਤ ਵਿੱਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ। ਇੱਥੇ ਸਥਿਤੀ ਰੂਸ ਵਰਗੀ ਹੋਵੇਗੀ, ਜਿੱਥੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਲਈ ਸਾਰੀ ਉਮਰ ਸੱਤਾ ਵਿੱਚ ਬਣੇ ਰਹਿਣ ਲਈ ਕਾਨੂੰਨ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਜਾਤ, ਧਰਮ ਅਤੇ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਉਹ ਪੰਜਾਬ ਵਿੱਚ ਵੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਦੀ ਨਫਰਤ ਦੀ ਰਾਜਨੀਤੀ ਪੰਜਾਬ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਪੰਜਾਬ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਗੁਰਪੁਰਬ, ਈਦ, ਹੋਲੀ, ਦੀਵਾਲੀ ਅਤੇ ਰਾਮਨੌਮੀ ਇਕੱਠੇ ਹੋ ਕੇ ਮਨਾਉਂਦੇ ਹਨ।
ਮੁੱਖ ਮੰਤਰੀ ਮਾਨ ਨੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਲੇਖਾ-ਜੋਖਾ ਦੱਸਦਿਆਂ ਕਿਹਾ ਕਿ ਅਸੀਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੱਕ ਪਿੰਡ ਵਿੱਚ 40 ਨੌਜਵਾਨਾਂ ਨੂੰ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਜਲੀ ਮੁਫ਼ਤ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੀ ਬਰਬਾਦੀ ਨਾ ਹੋਵੇ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦਿਆ। ਹੁਣ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਪਟਿਆਲੇ ਤੋਂ ਇਕ ਬਜ਼ੁਰਗ ਮੈਨੂੰ ਮਿਲਣ ਆਇਆ ਅਤੇ ਕਹਿਣ ਲੱਗਾ ਕਿ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਚਾਹੀਦਾ ਹੈ। ਮੈਂ ਕਿਹਾ, ਝੰਡੇ ਦਾ ਕੀ ਕਰੋਗੇ? ਉਸ ਨੇ ਕਿਹਾ ਕਿ ਮੈਂ ਮਜ਼ਦੂਰ ਹਾਂ ਪਰ ਤੁਹਾਡੇ ਕਾਰਨ ਮੇਰੇ ਪਰਿਵਾਰ ਦੇ ਛੇ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਜਿਸ ਕਾਰਨ ਮੇਰੇ ਪਰਿਵਾਰ ਦੀ ਹਾਲਤ ਬਦਲ ਗਈ। ਇਸ ਲਈ ਮੈਂ ਤੁਹਾਡਾ ਪ੍ਰਚਾਰ ਕਰਨਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਦਲਿਤਾਂ ਅਤੇ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਮੈਂ ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰ ਰਿਹਾ ਹਾਂ। ਗ੍ਰੀਨ ਕਾਰਡ, ਨੀਲਾ ਕਾਰਡ ਅਤੇ ਪੀਲਾ ਕਾਰਡ ਕਿਸੇ ਦੇ ਘਰ ਦੀ ਗਰੀਬੀ ਨਹੀਂ ਹਟਾ ਸਕਦਾ। ਸਿਰਫ਼ ਤੁਹਾਡਾ ਬੱਚਾ ਹੀ ਸਿੱਖਿਆ ਰਾਹੀਂ ਆਪਣੇ ਘਰ ਦੀ ਗਰੀਬੀ ਦੂਰ ਕਰ ਸਕਦਾ ਹੈ। ਇਸ ਲਈ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨਾ ਮੇਰੀ ਪਹਿਲੀ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਮੈਂ ਇੱਥੇ ਸਿਰਫ਼ ਤੁਹਾਡੇ ਤੋਂ ਵੋਟਾਂ ਮੰਗਣ ਨਹੀਂ ਆਇਆ। ਮੈਂ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ, ਚੰਗੀ ਸਿਹਤ ਸਹੂਲਤਾਂ, ਵਪਾਰੀਆਂ, ਛੋਟੇ ਦੁਕਾਨਦਾਰਾਂ, ਕਿਸਾਨਾਂ-ਮਜ਼ਦੂਰਾਂ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਉਨ੍ਹਾਂ ਦਾ ਵਧੀਆ ਭਵਿੱਖ ਯਕੀਨੀ ਬਣਾਉਣ ਲਈ ਤੁਹਾਡੀਆਂ ਵੋਟਾਂ ਮੰਗ ਰਿਹਾ ਹਾਂ।
ਮਾਨ ਨੇ ਹੁਸ਼ਿਆਰਪੁਰ ਦੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਜੰਮੂ-ਕਟੜਾ ਹਾਈਵੇ ਲਈ ਅਸੀਂ ਕੇਂਦਰ ਸਰਕਾਰ ਤੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਵਾਂਗੇ ਅਤੇ ਵੱਖ-ਵੱਖ ਥਾਵਾਂ 'ਤੇ ਕੱਟ ਰਖਵਾਵਾਂਗੇ ਤਾਂ ਜੋ ਸਥਾਨਕ ਲੋਕ ਵੀ ਲਾਹੇਵੰਦ ਕਾਰੋਬਾਰ ਕਰ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ, ਤੁਸੀਂ ਕਾਂਗਰਸ, ਅਕਾਲੀ ਅਤੇ ਭਾਜਪਾ ਦੀਆਂ ਸੀਟਾਂ ਘਟਾ ਕੇ ਜ਼ੀਰੋ ਕਰ ਦਿਓ।
ਭਗਵੰਤ ਮਾਨ ਸਰਕਾਰ ਵਿੱਚ ਪੰਜਾਬ ਦੇ ਆਮ ਲੋਕਾਂ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ – ਡਾ. ਰਾਜਕੁਮਾਰ ਚੱਬੇਵਾਲ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮਾਨ ਸਰਕਾਰ 'ਚ ਪੰਜਾਬ ਦੇ ਆਮ ਲੋਕਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਹੈ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਆਮ ਲੋਕਾਂ ਵਿਚਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ, ਨੌਜਵਾਨ, ਮਜ਼ਦੂਰ, ਵਪਾਰੀ ਸਮੇਤ ਹਰ ਵਰਗ ਦੇ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ।