4 ਜੂਨ ਨੂੰ ਕਾਂਗਰਸ ਦੀ ਅਗਵਾਈ ਹੇਠ ਬਣੇਗੀ ਇੰਡੀਆ ਗੱਠਜੋੜ ਦੀ ਸਰਕਾਰ - ਦੀਪਇੰਦਰ ਢਿੱਲੋਂ
- ਕਿਹਾ, 4 ਜੂਨ ਨੂੰ ਕਾਂਗਰਸ ਦੀ ਅਗਵਾਈ ਹੇਠ ਬਣੇਗੀ ਇੰਡੀਆ ਗੱਠਜੋੜ ਦੀ ਸਰਕਾਰ
ਜ਼ੀਰਕਪੁਰ, 24 ਮਈ 2024 - ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਜ਼ੀਰਕਪੁਰ ਦੀਆਂ ਵੱਖ-ਵੱਖ ਕਲੋਨੀਆਂ ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੂੰ ਹੋਰਨਾਂ ਖੇਤਰਾਂ ਦੇ ਨਾਲ-ਨਾਲ ਜ਼ੀਰਕਪੁਰ 'ਚੋਂ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਇਥੋਂ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਨਾਲ ਚੱਲਣ ਦਾ ਮਨ ਬਣਾ ਲਿਆ ਹੈ। ਜਨ ਸੰਪਰਕ ਅਭਿਆਨ ਤਹਿਤ ਦੀਪਇੰਦਰ ਸਿੰਘ ਢਿਲੋਂ ਨੇ ਇੱਥੋਂ ਦੀ ਰਵਿੰਦਰਾ ਇਨਕਲੇਵ, ਕਲਗੀਧਰ ਇਨਕਲੇਵ, ਲੋਹਗੜ੍ਹ, ਬਲਟਾਣਾ, ਪੀਰਮੁਛੱਲਾ, ਢਕੋਲੀ ਵਿਖੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਦੱਸ ਕੇ ਵੋਟਾਂ ਲਈ ਅਪੀਲ ਕੀਤੀ।
ਢਿਲੋਂ ਨੇ ਕਿਹਾ ਕਿ ਐੱਨ ਕੇ ਸ਼ਰਮਾ ਤੇ ਮਹਾਰਾਣੀ ਪ੍ਰਨੀਤ ਕੌਰ ਤੀਜੇ-ਚੌਥੇ ਨੰਬਰ ਤੇ ਆਉਣ ਲਈ ਚੋਣ ਲੜ ਰਹੇ ਹਨ ਕਿਉਂਕਿ ਦੋਨਾਂ ਪਾਰਟੀਆਂ ਦਾ ਪੰਜਾਬ ਵਿੱਚੋਂ ਆਧਾਰ ਖਤਮ ਹੋ ਚੁੱਕਾ ਹੈ। ਸ਼ਰਮਾ ਦੀ ਹੁਣ ਇਲਾਕੇ ਵਿੱਚ ਸਿਆਸੀ ਦਾਲ ਨਹੀਂ ਪੱਕੇਗੀ ਅਤੇ ਇਸ ਵਾਰ ਸ਼ਰਮਾ ਨੂੰ ਉਨ੍ਹਾਂ ਦੇ ਪਿੰਡ ਵਿੱਚੋਂ ਹੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਬੀਜੇਪੀ ਦੀ ਕਰਤੂਤ ਕਾਰਨ ਮਹਾਰਾਣੀ ਨੂੰ ਵੈਸੇ ਹੀ ਕਿਸਾਨ ਭਰਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਝਾੜੂ ਦੇ ਹਾਲਾਤ ਤੋਂ ਸਾਰੇ ਚੰਗੀ ਤਰਾਂ ਜਾਣੂ ਹਨ। ਇਹ ਪਾਰਟੀ ਝੂਠ ਦੀ ਪੰਡ ਚੱਕੀ ਫਿਰਦੀ ਹੈ।
ਉਹਨਾਂ ਕਿਹਾ ਕਿ ਹਲਕਾ ਡੇਰਾਬੱਸੀ ਦੇ ਵਾਸੀਆਂ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਅਤੇ ਕਾਂਗਰਸ ਨੂੰ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ।
ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅੱਜ ਨਿਆਂ ਤੰਤਰ ਸਮੇਤ ਦੇਸ਼ ਦੇ ਲੋਕਤੰਤਰ ਦਾ ਹਰੇਕ ਥੰਮ੍ਹ ਖਤਰੇ ਵਿੱਚ ਹੈ। ਇਸ ਲਈ ਅੱਜ ਹਰ ਜਾਗਰੂਕ ਨਾਗਰਿਕ ਦਾ ਪਹਿਲਾ ਫ਼ਰਜ਼ ਹੈ ਕਿ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ। ਢਿੱਲੋ ਨੇ ਕਿਹਾ ਕਿ ਦੇਸ਼ ਪੱਧਰ 'ਤੇ ਜੋ ਰੁਝਾਨ ਬਣ ਰਹੇ ਹਨ, ਉਸ ਅਨੁਸਾਰ ਆਉਂਦੀ 4 ਜੂਨ ਨੂੰ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਦੀ ਇਹ ਗਰੰਟੀ ਹੈ ਕਿ ਸਰਕਾਰ ਬਣਨ ਮਗਰੋਂ ਕਿਸਾਨਾਂ, ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, MSP ਦੀ ਕਾਨੂੰਨੀ ਗਰੰਟੀ, ਨੌਜਵਾਨਾਂ ਨੂੰ 30 ਲੱਖ ਨੌਕਰੀਆਂ, ਲੋੜਵੰਦ ਔਰਤਾਂ ਨੂੰ ਇੱਕ ਲੱਖ ਰੁਪਏ ਸਲਾਨਾ ਦੀ ਸਹਾਇਤਾ ਅਤੇ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਲਈ ਯੋਗ ਨੀਤੀਆਂ ਜਿਹੇ ਵੱਡੇ ਕਾਰਜ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਅਜੀਤਪਾਲ ਸਿੰਘ, ਪੰਮੀ ਧੀਮਾਨ, ਬੁੱਧ ਰਾਮ ਧੀਮਾਨ, ਬਬਲੂ ਬਲਟਾਣਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਹਾਜਰ ਸਨ।