'3 ਦਿਨਾਂ ਤੋਂ ਪਹਿਲਾਂ ਕਰਾਂਗੇ ਐਲਾਨ ਕਿ ਕੌਣ ਹੋਵੇਗਾ ਪ੍ਰਧਾਨ ਮੰਤਰੀ' ? ਲੋਕ ਸਭਾ ਚੋਣਾਂ 'ਚ ਜਿੱਤ ਨੂੰ ਲੈ ਕੇ ਇੰਡੀਆ ਬਲਾਕ ਦਾ ਵੱਡਾ ਦਾਅਵਾ
- ਚੋਣਾਂ ਦੇ ਛੇਵੇਂ ਪੜਾਅ ਤੋਂ ਪਹਿਲਾਂ ਇੰਡੀਆ ਬਲਾਕ ਦੀ ਪ੍ਰਮੁੱਖ ਭਾਈਵਾਲ ਕਾਂਗਰਸ ਨੇ ਆਪਣੇ ਨਤੀਜਿਆਂ ਨੂੰ ਲੈ ਕੇ ਬਹੁਤ ਹੀ ਧਮਾਕੇਦਾਰ ਦਾਅਵਾ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਵਿਰੋਧੀ ਗਠਜੋੜ ਨੂੰ ‘ਸਪੱਸ਼ਟ ਅਤੇ ਨਿਰਣਾਇਕ’ ਬਹੁਮਤ ਮਿਲਣ ਜਾ ਰਿਹਾ ਹੈ ਅਤੇ ਪੂਰੇ ਪੰਜ ਸਾਲਾਂ ਲਈ ਸਿਰਫ ਇੱਕ ਵਿਅਕਤੀ ਪ੍ਰਧਾਨ ਮੰਤਰੀ ਹੋਵੇਗਾ।
ਦੀਪਕ ਗਰਗ
ਚੰਡੀਗੜ੍ਹ, 24 ਮਈ 2024 - ਕਾਂਗਰਸ ਨੇ 'ਪੰਜ ਸਾਲਾਂ 'ਚ ਪੰਜ ਪ੍ਰਧਾਨ ਮੰਤਰੀ' ਵਿਰੋਧੀ ਗਠਜੋੜ ਤੇ ਭਾਜਪਾ ਵਲੋਂ ਮਾਰੇ ਤਾਅਨੇ ਤੇ ਵੀ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਹੈ ਕਿ 4 ਜੂਨ ਨੂੰ ਨਤੀਜਿਆਂ ਦਾ ਐਲਾਨ ਹੁੰਦੇ ਹੀ ਇੰਡੀਆ ਬਲਾਕ ਤਿੰਨ ਦਿਨਾਂ ਦੇ ਅੰਦਰ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਕਰੇਗਾ।
20 ਸਾਲ ਬਾਅਦ 4 ਜੂਨ ਨੂੰ ਇਤਿਹਾਸ ਦੁਹਰਾਏਗਾ : ਕਾਂਗਰਸ
ਕਾਂਗਰਸੀ ਆਗੂ ਨੇ ਕਿਹਾ ਹੈ ਕਿ 2004 ਵਾਂਗ 20 ਸਾਲਾਂ ਬਾਅਦ 4 ਜੂਨ ਨੂੰ ਇਤਿਹਾਸ ਦੁਹਰਾਇਆ ਜਾਵੇਗਾ। ਆਮ ਚੋਣਾਂ ਵਿੱਚ ਭਾਜਪਾ ਦੀ ‘ਇੰਡੀਆ ਸ਼ਾਈਨਿੰਗ’ ਮੁਹਿੰਮ ਫੇਲ੍ਹ ਹੋ ਗਈ ਸੀ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸੱਤਾ ਵਿਚ ਆ ਗਿਆ ਸੀ।
ਜੈਰਾਮ ਰਮੇਸ਼ ਨੇ ਇਸੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ 'ਜੋ ਲੋਕ ਲਗਾਤਾਰ ਸਵਾਲ ਉਠਾ ਰਹੇ ਹਨ ਕਿ ਪ੍ਰਧਾਨ ਮੰਤਰੀ ਕੌਣ ਹੋਵੇਗਾ (ਜੇਕਰ ਇੰਡੀਆ ਬਲਾਕ ਸੱਤਾ 'ਚ ਆਉਂਦਾ ਹੈ) ਤਾਂ ਮੈਂ ਇਹ ਯਾਦ ਦਿਵਾਉਣਾ ਚਾਹਾਂਗਾ ਕਿ 2004 'ਚ ਜਦੋਂ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਫਤਵਾ ਮਿਲਿਆ ਸੀ, ਤਾਂ ਉਸ ਸਮੇਂ ਤਿੰਨ ਦਿਨ ਦੇ ਅੰਦਰ ਪ੍ਰਧਾਨ ਮੰਤਰੀ ਲਈ ਡਾ. ਮਨਮੋਹਨ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ।
ਇਸ ਚੋਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਰੈਲੀਆਂ ਵਿੱਚ ਵਿਰੋਧੀ ਗਠਜੋੜ ਨੂੰ ਵਾਰ-ਵਾਰ ਨਿਸ਼ਾਨਾ ਬਣਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਉਨ੍ਹਾਂ ਦੀ ਪੰਜ ਸਾਲਾਂ ਵਿੱਚ ਪੰਜ ਪ੍ਰਧਾਨ ਮੰਤਰੀ ਬਣਾਉਣ ਦੀ ਯੋਜਨਾ ਹੈ।
ਇਸ ਵਾਰ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਤਿੰਨ ਦਿਨ ਵੀ ਨਹੀਂ ਲੱਗਣਗੇ- ਕਾਂਗਰਸ
ਰਮੇਸ਼ ਨੇ ਕਿਹਾ ਹੈ ਕਿ, 'ਇਸ ਵਾਰ ਤਿੰਨ ਦਿਨ ਵੀ ਨਹੀਂ ਲੱਗਣਗੇ' ਅਤੇ 'ਸਰਕਾਰ ਚਲਾਉਣ ਲਈ ਪੰਜ ਸਾਲ ਤੱਕ ਸਿਰਫ਼ ਇਕ ਵਿਅਕਤੀ ਪ੍ਰਧਾਨ ਮੰਤਰੀ ਰਹੇਗਾ।' ਕਾਂਗਰਸ ਨੇਤਾ ਦਾ ਦਾਅਵਾ ਹੈ ਕਿ ਇੰਡੀਆ ਬਲਾਕ ਦੇ ਮੈਂਬਰ ਲੋਕਤੰਤਰੀ ਢੰਗ ਨਾਲ ਪ੍ਰਧਾਨ ਮੰਤਰੀ ਉਮੀਦਵਾਰ ਦੀ ਚੋਣ ਕਰਨਗੇ। ਉਨ੍ਹਾਂ ਮੁਤਾਬਕ, ‘ਸਾਡੇ ਦੇਸ਼ ਵਿੱਚ ਚੋਣਾਂ ਕੋਈ ਸੁੰਦਰਤਾ ਮੁਕਾਬਲਾ ਨਹੀਂ ਹਨ। ਸਾਡੇ ਦੇਸ਼ ਵਿੱਚ ਚੋਣਾਂ ਪਾਰਟੀਆਂ ਵਿਚਕਾਰ ਹੁੰਦੀਆਂ ਹਨ, ਸਾਡਾ ਲੋਕਤੰਤਰ ਪਾਰਟੀ ਕੇਂਦਰਿਤ ਹੈ, ਵਿਅਕਤੀ ਕੇਂਦਰਿਤ ਨਹੀਂ।
ਪ੍ਰਧਾਨ ਮੰਤਰੀ ਕੌਣ ਹੋਵੇਗਾ ਇਹ ਸਵਾਲ ਗਲਤ ਹੈ- ਜੈਰਾਮ ਰਮੇਸ਼
ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ, ‘ਇਸ ਲਈ ਵਾਰ-ਵਾਰ ਇਹ ਪੁੱਛਣਾ ਕਿ ਪ੍ਰਧਾਨ ਮੰਤਰੀ ਕੌਣ ਹੋਵੇਗਾ ਇੱਕ ਗਲਤ ਸਵਾਲ ਹੈ। ਸਹੀ ਸਵਾਲ ਇਹ ਹੈ ਕਿ ਕਿਹੜੀ ਪਾਰਟੀ ਅਤੇ ਕਿਸ ਗਠਜੋੜ ਨੂੰ ਫਤਵਾ ਮਿਲੇਗਾ।
ਸਪੱਸ਼ਟ ਅਤੇ ਨਿਰਣਾਇਕ ਫਤਵਾ ਮਿਲੇਗਾ - ਜੈਰਾਮ ਰਮੇਸ਼
ਕਾਂਗਰਸ ਆਗੂ ਨੇ ਦਾਅਵਾ ਕੀਤਾ ਹੈ ਕਿ 'ਸੰਕੇਤਾਂ ਦੇ ਆਧਾਰ 'ਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਪਹਿਲੇ ਦੋ ਪੜਾਵਾਂ (19 ਅਤੇ 26 ਅਪ੍ਰੈਲ) ਤੋਂ ਬਾਅਦ ਇੰਡੀਆ ਬਲਾਕ ਨੂੰ ਸਪੱਸ਼ਟ ਅਤੇ ਨਿਰਣਾਇਕ ਫਤਵਾ ਮਿਲਣ ਵਾਲਾ ਹੈ।'
'ਦੱਖਣੀ ਭਾਰਤ 'ਚ ਭਾਜਪਾ ਦਾ ਸਫਾਇਆ, ਬਾਕੀ ਹਿੱਸਿਆਂ 'ਚ ਅੱਧੀ ਰਹਿ ਗਿਆ'
ਉਨ੍ਹਾਂ ਅਨੁਸਾਰ 428 ਸੀਟਾਂ ਲਈ ਵੋਟਿੰਗ ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ ਅਤੇ ਅਪ੍ਰੈਲ ਵਿੱਚ ਹੋਈਆਂ ਚੋਣਾਂ ਦੇ ਪਹਿਲੇ ਦੋ ਪੜਾਵਾਂ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਦੱਖਣੀ ਭਾਰਤ ਵਿੱਚ ਭਾਜਪਾ ਦਾ ਸਫਾਇਆ ਹੋ ਗਿਆ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਅੱਧੀ ਰਹਿ ਗਈ ਹੈ।
ਉਨ੍ਹਾਂ ਮੁਤਾਬਕ 2019 ਦੇ ਮੁਕਾਬਲੇ ਇਸ ਵਾਰ ਇੰਡੀਆ ਬਲਾਕ ਦਾ ਪ੍ਰਦਰਸ਼ਨ ਬਹੁਤ ਵਧੀਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ 19 ਅਪ੍ਰੈਲ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਭਾਸ਼ਾ ਵਿੱਚ ਬਦਲਾਅ ਆਇਆ ਹੈ।
ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੋਵਾਂ ਰਾਜਾਂ ਦੀ ਰਾਜਧਾਨੀ ਹੈ ਅਤੇ ਆਪਣੇ ਆਪ ਵਿੱਚ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਹਰਿਆਣਾ ਦੀਆਂ ਸਾਰੀਆਂ 10 ਸੀਟਾਂ 'ਤੇ 25 ਮਈ ਯਾਨੀ ਸ਼ਨੀਵਾਰ ਨੂੰ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀਆਂ ਸਾਰੀਆਂ 13 ਸੀਟਾਂ ਅਤੇ ਚੰਡੀਗੜ੍ਹ ਲੋਕ ਸਭਾ ਸੀਟ ਲਈ 1 ਜੂਨ ਨੂੰ ਆਖਰੀ ਪੜਾਅ 'ਤੇ ਵੋਟਿੰਗ ਹੋਵੇਗੀ।