58 ਸੀਟਾਂ ਲਈ 6ਵੇਂ ਪੜਾਅ ਦੀ ਪੋਲਿੰਗ ਅੱਜ, ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 58 ਹਲਕਿਆਂ ਵਿੱਚ ਵੋਟਿੰਗ ਹੋਵੇਗੀ
ਨਵੀਂ ਦਿੱਲੀ, 25 ਮਈ 2024 : ਲੋਕ ਸਭਾ ਚੋਣਾਂ 2024 ਫੇਜ਼ 6 ਲਈ 5.84 ਕਰੋੜ ਪੁਰਸ਼, 5.29 ਕਰੋੜ ਔਰਤਾਂ ਅਤੇ 5,120 ਤੀਜੇ ਲਿੰਗ ਦੇ ਵੋਟਰਾਂ ਸਮੇਤ 11.13 ਕਰੋੜ ਤੋਂ ਵੱਧ ਲੋਕ ਅੱਜ ਵੋਟ ਪਾਉਣਗੇ।
ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਲਈ 25 ਮਈ ਦਿਨ ਸ਼ਨੀਵਾਰ ਯਾਨੀ ਕਿ ਅੱਜ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 58 ਹਲਕਿਆਂ ਵਿੱਚ ਵੋਟਿੰਗ ਹੋਵੇਗੀ, ਜਿਸ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਵੀ ਸ਼ਾਮਲ ਹਨ। ਪੱਛਮੀ ਬੰਗਾਲ ਦੇ ਜੰਗਲ ਮਹਿਲ ਖੇਤਰ ਵਿੱਚ ਵੀ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਤਹਿਤ ਵੋਟਿੰਗ ਹੋਵੇਗੀ। ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਸਮਾਪਤ ਹੋਵੇਗੀ।
ਆਮ ਚੋਣਾਂ 2024 ਦੇ ਪਹਿਲੇ ਪੰਜ ਪੜਾਵਾਂ ਵਿੱਚ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 428 ਸੰਸਦੀ ਹਲਕਿਆਂ 'ਤੇ ਪੋਲਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ।
ਦਿੱਲੀ ਦੀਆਂ ਸੱਤ ਸੀਟਾਂ ਤੋਂ ਇਲਾਵਾ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਹਰਿਆਣਾ ਦੀਆਂ ਸਾਰੀਆਂ 10 ਸੀਟਾਂ , ਬਿਹਾਰ ਅਤੇ ਪੱਛਮੀ ਬੰਗਾਲ ਦੀਆਂ 8 ਸੀਟਾਂ, ਉੜੀਸਾ ਦੀਆਂ ਛੇ ਸੀਟਾਂ, ਝਾਰਖੰਡ ਦੀਆਂ ਚਾਰ ਸੀਟਾਂ ਅਤੇ ਜੰਮੂ ਦੀ ਇੱਕ ਸੀਟ 'ਤੇ ਵੋਟਾਂ ਪੈਣਗੀਆਂ।
5.84 ਕਰੋੜ ਮਰਦ, 5.29 ਕਰੋੜ ਔਰਤਾਂ ਅਤੇ 5,120 ਤੀਜੇ ਲਿੰਗ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਭਾਰਤੀ ਚੋਣ ਕਮਿਸ਼ਨ (ਈਸੀ) ਨੇ 1.14 ਲੱਖ ਪੋਲਿੰਗ ਸਟੇਸ਼ਨਾਂ 'ਤੇ ਲਗਭਗ 11.4 ਲੱਖ ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਹਨ।