'ਆਪ' ਦਾ 300 ਯੂਨਿਟ ਮੁਫ਼ਤ ਬਿਜਲੀ ਸਪਲਾਈ ਫੇਲ੍ਹ, ਬਿਜਲੀ ਕੱਟਾਂ ਨੇ ਲੋਕਾਂ ਦਾ ਘਰਾਂ 'ਚ ਰਹਿਣਾ ਹੀ ਕੀਤਾ ਔਖਾ: ਪ੍ਰਨੀਤ ਕੌਰ
- ਪ੍ਰਨੀਤ ਕੌਰ ਨੇ ਕਿਹਾ 'ਆਪ' ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ ਪਾੜਾ ਵਧਿਆ
ਪਟਿਆਲਾ 25 ਮਈ 2024 - ਕਹਿਰ ਦੀ ਗਰਮੀ ਨੇ ਤਰਾਹੀ ਮਚਾਈ ਹੋਈ ਹੈ ਅਤੇ 45 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਿੱਚ 'ਆਪ' ਸਰਕਾਰ ਦੇ ਬਿਜਲੀ ਕੱਟਾਂ ਨੇ ਲੋਕਾਂ ਦਾ ਘਰਾਂ ਵਿੱਚ ਰਹਿਣਾ ਹੀ ਮੁਸ਼ਕਲ ਕਰ ਦਿੱਤਾ ਹੈ। ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਬਿਜਲੀ ਦੇ ਅਣਐਲਾਨੇ ਕੱਟਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਹ ਸ਼ਨੀਵਾਰ ਨੂੰ ਨਾਭਾ ਅਤੇ ਸਮਾਣਾ ਖੇਤਰ ਦੇ ਕਈ ਪਿੰਡਾਂ ਦੇ ਚੋਣ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਖੁਦ ਲੋਕਾਂ ਨੂੰ ਬਿਜਲੀ ਦੇ ਕੱਟਾਂ ਕਾਰਨ ਪ੍ਰੇਸ਼ਾਨ ਹੁੰਦੇ ਦੇਖਿਆ। ਆਮ ਆਦਮੀ ਪਾਰਟੀ ਜਿਸ ਨੇ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਅੱਜ ਬਿਜਲੀ ਦੀ ਮੰਗ ਪੂਰੀ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ ਪਾੜਾ ਵਧਦਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਬਿਜਲੀ ਕੱਟਾਂ ਰਾਹੀਂ ਆਪਣੀਆਂ ਗਲਤ ਨੀਤੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਜਪਾ ਨੇਤਾ ਪ੍ਰਨੀਤ ਕੌਰ ਨੇ ਕਿਹਾ ਕਿ ਜਿੱਥੇ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਘਰਾਂ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ, ਉੱਥੇ ਜ਼ਿਲ੍ਹੇ ਭਰ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਸਨਅਤਾਂ ਨੂੰ ਭਾਰੀ ਵਿੱਤੀ ਘਾਟਾ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ਦੀ 'ਆਪ' ਸਰਕਾਰ ਨੂੰ ਗਰਮੀ ਨੂੰ ਲੈ ਕੇ ਪਹਿਲਾਂ ਤੋਂ ਜੋ ਤਿਆਰੀ ਕਰਨੀ ਚਾਹੀਦੀ ਸੀ ਉਹ ਨਹੀਂ ਕਰ ਸਕੀ ਅਤੇ ਅੱਜ ਬਿਜਲੀ ਕੱਟ ਲਗਾ ਕੇ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਇਲਾਕਾ ਅੱਜ ਬਿਜਲੀ ਕੱਟਾਂ ਤੋਂ ਅਛੂਤਾ ਨਹੀਂ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਤੁਰੰਤ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਵਧਦੇ ਤਾਪਮਾਨ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਬਿਜਲੀ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਪੰਜਾਬ ਦੀ 'ਆਪ' ਸਰਕਾਰ ਹੁਣ ਬਿਜਲੀ ਕੱਟਾਂ ਰਾਹੀਂ ਬਿਜਲੀ ਸਪਲਾਈ ਨੂੰ ਪੂਰਾ ਕਰਨ ਦਾ ਢੌਂਗ ਕਰ ਰਹੀ ਹੈ। ਅਣਐਲਾਨੇ ਕੱਟਾਂ ਦੀ ਗਿਣਤੀ ਦਿਨ ਵਿੱਚ ਦੋ ਤੋਂ ਤਿੰਨ ਗੁਣਾ ਵਧਾ ਦਿੱਤੀ ਗਈ ਹੈ, ਜਿਸ ਨੂੰ ਰੱਖ-ਰਖਾਅ ਕਹਿ ਕੇ ਲੋਕਾਂ ਨੂੰ ਹਨੇਰੇ ਵਿੱਚ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਮਈ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ ਪੂਰੀ ਕਰਨ ਵਿੱਚ ਅਸਫਲ ਰਹੀ ਹੈ। ਆਉਣ ਵਾਲੇ ਦਿਨਾਂ 'ਚ ਝੋਨੇ ਦੇ ਸੀਜ਼ਨ ਲਈ ਖੇਤੀ ਖੇਤਰ ਤੋਂ ਬਿਜਲੀ ਦੀ ਮੰਗ ਵਧਣ ਵਾਲੀ ਹੈ ਅਤੇ ਜਿਵੇਂ-ਜਿਵੇਂ ਇਹ ਮੰਗ ਵਧਦੀ ਜਾਵੇਗੀ, ਪੰਜਾਬ 'ਚ ਬਿਜਲੀ ਸਪਲਾਈ ਦੀ ਸਮੱਸਿਆ ਹੋਰ ਵੀ ਵੱਡੀ ਹੁੰਦੀ ਜਾਵੇਗੀ, ਜਿਸ ਦਾ ਖਮਿਆਜ਼ਾ ਹਰ ਪੰਜਾਬੀ ਨੂੰ ਭੁਗਤਣਾ ਪਵੇਗਾ।
ਨਾਭਾ ਹਲਕੇ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦਾ ਰਿਕਾਰਡ ਗਵਾਹ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਬਿਜਲੀ ਦੀ ਮੰਗ ਦਾ ਗ੍ਰਾਫ਼ ਲਗਾਤਾਰ ਵੱਧ ਰਿਹਾ ਹੈ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਬਿਜਲੀ ਸਪਲਾਈ ਪੂਰਾ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਪੰਜਾਬ ਦੀ 'ਆਪ' ਸਰਕਾਰ ਦੀ ਅਯੋਗਤਾ ਆਉਣ ਵਾਲੇ ਦਿਨਾਂ ਵਿੱਚ ਸਨਅਤੀ ਖੇਤਰ ਨੂੰ ਬਿਜਲੀ ਕੱਟਾਂ ਲਈ ਮਜਬੂਰ ਕਰਨ ਦੀ ਤਿਆਰੀ ਵਿੱਚ ਹੈ, ਇਸ ਡਰ ਤੋਂ ਪੰਜਾਬ ਦੇ ਸਨਅਤਕਾਰਾਂ ਨੂੰ ਪਹਿਲਾਂ ਤੋਂ ਹੀ ਭਾਰੀ ਵਿੱਤੀ ਘਾਟੇ ਦਾ ਡਰ ਸਦਤਾਉਣ ਲੱਗ ਪਿਆ ਹੈ।