ਪੰਜਾਬ ਦਾ ਮਾਹੌਲ ਉਦੋਂ ਹੀ ਠੀਕ ਰਹੇਗਾ ਜਦੋਂ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹੱਥਾਂ 'ਚ ਹੋਣ - ਮਹਾਰਾਣੀ ਪ੍ਰਨੀਤ ਕੌਰ
- ਐੱਸਐੱਮਐੱਸ ਸੰਧੂ ਦੀ ਅਗਵਾਈ ਚ ਲਾਲੜੂ ਤੋਂ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਏ ਆਗੂਆਂ ਦਾ ਬੀਜੇਪੀ ਚ ਕੀਤਾ ਸਵਾਗਤ
ਲਾਲੜੂ, 25 ਮਈ 2024 - ਪੰਜਾਬ ਦਾ ਮਾਹੌਲ ਉਦੋਂ ਹੀ ਠੀਕ ਰਹਿ ਸਕਦਾ ਹੈ ਜਦੋਂ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹੱਥਾਂ ਵਿਚ ਹੋਣ ਅਤੇ ਦੇਸ਼ ਵਿੱਚ ਮਜ਼ਬੂਤ ਸਰਕਾਰ ਬਣੀ ਹੋਵੇ। ਇਹ ਗੱਲ ਭਾਜਪਾ ਦੇ ਲੋਕ ਸਭਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਹਲਕਾ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਲਾਲੜੂ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਭਾਜਪਾ ਵਿਚ ਸਵਾਗਤ ਕਰਨ ਸਮੇਂ ਕੀਤੀ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਡੇਰਾਬੱਸੀ ਹਲਕੇ ਨਾਲ ਉਹਨਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ।
ਉਹਨਾਂ ਕਿਹਾ ਕਿ ਇਸ ਕਾਰਨ ਮੈਨੂੰ ਭਰੋਸਾ ਹੈ ਕਿ ਅਸੀਂ ਮਿਲ ਕੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਦੇ ਦੇਖਾਂਗੇ। ਇਸ ਦੇ ਨਾਲ ਹੀ ਅਸੀਂ ਸਾਰੇ ਆਪਣੇ ਭਰੋਸੇ ਦੇ ਦਮ 'ਤੇ ਖੁਸ਼ੀ-ਗਮੀ ਵਿਚ ਇਕ-ਦੂਜੇ ਦੇ ਰਿਸ਼ਤੇ ਨੂੰ ਕਾਇਮ ਰੱਖਾਂਗੇ। ਪੂਰਾ ਪਟਿਆਲਾ ਹਲਕਾ ਮੇਰਾ ਸਾਥ ਦੇਵੇਗਾ ਅਤੇ ਮੋਦੀ ਸਰਕਾਰ ਦੇ ਸਹਿਯੋਗ ਨਾਲ ਹਲਕੇ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ।
ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਮੌਕੇ ਹੋਏ ਵੱਡੇ ਇਕੱਠ ਨੂੰ ਭਾਜਪਾ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਸਿਰਫ਼ ਇੱਕ ਚੋਣ ਰੈਲੀ ਤੱਕ ਸੀਮਤ ਨਹੀਂ ਹੈ, ਸਗੋਂ ਇਸ ਗੱਲ ਦੀ ਗਾਰੰਟੀ ਹੈ ਕਿ ਪਟਿਆਲਾ ਹਲਕੇ ਦੀਆਂ ਸਾਰੀਆਂ ਵੱਡੀਆਂ ਸਮੱਸਿਆਵਾਂ ਦਾ ਜੇਕਰ ਕੋਈ ਹੱਲ ਕਰ ਸਕਦਾ ਹੈ ਤਾਂ ਉਹ ਸਿਰਫ਼ ਨਰਿੰਦਰ ਮੋਦੀ ਹੀ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਲੋਕਾਂ ਦੇ ਭਰੋਸੇ ਨਾਲ ਉਨ੍ਹਾਂ ਦੀ ਜਿੱਤ ਹੋਵੇਗੀ ਅਤੇ ਉਹ ਪੂਰੇ ਹਲਕੇ ਨੂੰ ਕੇਂਦਰੀ ਸਕੀਮਾਂ ਦਾ ਸਿੱਧਾ ਲਾਭ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਮੋਦੀ ਦੀ ਗਾਰੰਟੀ ਨਾਲ ਉਹ ਅਗਲੇ ਪੰਜ ਸਾਲਾਂ ਵਿੱਚ ਪਿਛਲੇ 25 ਸਾਲਾਂ ਵਿੱਚ ਕੀਤੇ ਗਏ ਕੰਮ ਨੂੰ ਦੁੱਗਣਾ ਕਰ ਦੇਣਗੇ। ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਦੀ ਬੀ ਟੀਮ ਹੈ।
ਉਨ੍ਹਾਂ ਕਿਹਾ ਕਿ ਦਿੱਲੀ 'ਚ ਕਾਂਗਰਸ ਅਤੇ 'ਆਪ' ਇਕੱਠੇ ਹਨ ਅਤੇ ਪੰਜਾਬ 'ਚ ਵੱਖਰੇ ਹਨ। ਅੱਜ ਹਰ ਕੋਈ ਇਸਦਾ ਅਰਥ ਸਮਝਦਾ ਹੈ। ਹੁਣ ਝਾੜੂ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਜਾਂ ਉਨ੍ਹਾਂ ਨਾਲ ਝੂਠੇ ਵਾਅਦੇ ਕਰਕੇ ਕੋਈ ਵੀ ਵੋਟ ਹਾਸਲ ਨਹੀਂ ਕਰ ਸਕਣਗੇ। ਪ੍ਰਨੀਤ ਕੌਰ ਨੇ ਕਿਹਾ ਕਿ 1 ਜੂਨ ਨੂੰ ਲੋਕਾਂ ਨੇ ਖੁਦ ਫੈਸਲਾ ਕਰਨਾ ਹੈ ਕਿ ਕਿਹੜੀ ਪਾਰਟੀ ਨਾਲ ਮਿਲ ਕੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਇਆ ਜਾ ਸਕਦਾ ਹੈ। ਇਸ ਮੌਕੇ ਗੁਲਜ਼ਾਰ ਸਿੰਘ ਟਿਵਾਣਾ, ਓਮਵੀਰ ਰਾਣਾ, ਅਨਮੋਲ ਸ਼ਰਮਾ, ਦੇਵ ਪ੍ਰਤਾਪ, ਬਲਰਾਮ ਸਿੰਘ, ਨਿਖਿਲ ਸ਼ਰਮਾ, ਸ਼ੁਭਮ ਰਾਣਾ, ਵਿੱਕੀ ਰਾਣਾ, ਅਦਿਤਿਆ ਰਾਣਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਸਮਰਥਕ ਮੌਜ਼ੂਦ ਸਨ।