ਲਾਲੜੂ 'ਚ ਔਰਤਾਂ ਲਈ ਬਣੇਗਾ ਹੁਨਰ ਵਿਕਾਸ ਕੇਂਦਰ : ਬਬੀਤਾ ਸ਼ਰਮਾ
- ਅਕਾਲੀ ਦਲ ਉਮੀਦਵਾਰ ਦੀ ਪਤਨੀ ਨੇ ਲਾਲੜੂ ਵਿੱਚ ਕੀਤਾ ਚੋਣ ਪ੍ਰਚਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਮਈ 2024: ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਦੀ ਪਤਨੀ ਬਬੀਤਾ ਸ਼ਰਮਾ ਨੇ ਲੋਕ ਸਭਾ ਚੋਣਾਂ ਲਈ ਔਰਤਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਲਾਲੜੂ ਇਲਾਕੇ ਵਿੱਚ ਔਰਤਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਿਆ ਜਾਵੇਗਾ।
ਬਬੀਤਾ ਸ਼ਰਮਾ ਨੇ ਆਪਣੇ ਪਤੀ ਦੇ ਸਮਰਥਨ ਵਿੱਚ ਲਾਲੜੂ ਦੇ ਭਾਈ ਸੰਗਤ ਸਿੰਘ ਭਵਨ ਵਿਖੇ ਔਰਤਾਂ ਦੇ ਸਮੂਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਚੋਣ ਦੀ ਲੜਾਈ ਸੱਤਾ ਦੀ ਨਹੀਂ, ਸਗੋਂ ਸਿਧਾਂਤਾਂ ਦੀ ਹੈ। ਪਟਿਆਲਾ ਦੇ ਲੋਕ ਪ੍ਰਨੀਤ ਕੌਰ ਨੂੰ ਚਾਰ ਵਾਰ ਅਜ਼ਮਾ ਚੁੱਕੇ ਹਨ ਅਤੇ ਹਰ ਵਾਰ ਉਹ ਜਨਤਾ ਦੀਆਂ ਉਮੀਦਾਂ 'ਤੇ ਫੇਲ੍ਹ ਸਾਬਤ ਹੋਈ ਹਨ। ਬਬੀਤਾ ਸ਼ਰਮਾ ਨੇ ਕਿਹਾ ਕਿ ਲਾਲੜੂ ਇਲਾਕੇ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਸਿਰਫ਼ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਸੀ। ਪਿਛਲੇ ਸੱਤ ਸਾਲਾਂ ਵਿੱਚ ਲਾਲੜੂ ਇਲਾਕਾ ਵਿਕਾਸ ਦੇ ਖੇਤਰ ਵਿੱਚ 70 ਸਾਲ ਪਿੱਛੇ ਚਲਾ ਗਿਆ ਹੈ।
ਬਬੀਤਾ ਸ਼ਰਮਾ ਨੇ ਔਰਤਾਂ ਨੂੰ ਇੱਕਜੁੱਟ ਹੋ ਕੇ ਸ਼ਰਮਾ ਦੇ ਹੱਕ ਵਿੱਚ ਪ੍ਰਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਹੀ ਔਰਤਾਂ ਦੇ ਹਿੱਤ ਸੁਰੱਖਿਅਤ ਹਨ। ਅਕਾਲੀ ਦਲ ਦੇ ਸਮੇਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਕਟੌਤੀ ਕਰਕੇ ਬੰਦ ਕਰ ਦਿੱਤੀਆਂ ਹਨ। ਇਸ ਮੌਕੇ ਲਾਲੜੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੁੱਲੂ ਸਿੰਘ ਰਾਣਾ, ਦਵਿੰਦਰ ਕੌਰ ਸੰਧੂ, ਮਲਕੀਤ ਕੌਰ ਤੇ ਬੀਬੀ ਬਲਵਿੰਦਰ ਕੌਰ ਸਮੇਤ ਕਈ ਪਤਵੰਤੇ ਹਾਜ਼ਰ ਸਨ।