ਹਲਕਾ ਡੇਰਾਬੱਸੀ ਦੇ ਵਾਸੀ ਕਾਂਗਰਸ ਨੂੰ ਜਿਤਾਉਣ ਲਈ ਪੂਰੀ ਤਰ੍ਹਾਂ ਤਿਆਰ :- ਦੀਪਇੰਦਰ ਢਿੱਲੋਂ
- ਵੱਖ ਵੱਖ ਵਾਰਡਾਂ ਚ ਚੋਣ ਸਭਾਵਾਂ ਨੂੰ ਕੀਤਾ ਸੰਬੋਧਨ
ਡੇਰਾਬੱਸੀ, 25 ਮਈ 2024 - ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿਚ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਡੇਰਾਬੱਸੀ ਦੇ ਵੱਖ ਵੱਖ ਵਾਰਡਾਂ ਵਿਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਦੀਪਇੰਦਰ ਢਿੱਲੋ ਨੇ ਕਿਹਾ ਕਿ ਉਹ ਜਿੱਥੇ ਵੀ ਜਾ ਰਹੇ ਹਨ,ਲੋਕਾਂ ਦਾ ਉਤਸ਼ਾਹ ਅਤੇ ਜੋਸ਼ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਲੋਕ ਕਾਂਗਰਸ ਦੇ ਹੱਕ ਵਿੱਚ ਵੱਡਾ ਫਤਵਾ ਦੇਣ ਲਈ ਤਿਆਰ ਬੈਠੇ ਹਨ ਕਿਉਂਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਮੁਕਾਬਲਾ ਸਿਰਫ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ। ਇਸ ਲਈ ਆਪ ਜਾਂ ਹੋਰਨਾਂ ਨੂੰ ਵੋਟ ਪਾ ਕੇ ਵੋਟ ਖਰਾਬ ਕਰਨ ਦਾ ਕੋਈ ਮਤਲਬ ਨਹੀਂ ਬਚਦਾ।
ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਰੋਜ਼ਾਨਾ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਵੀ ਮਿਲਦੇ ਹਨ ਜੋ ਕਹਿੰਦੇ ਹਨ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਵਾਰ ਪੰਜੇ ਦੇ ਨਿਸ਼ਾਨ 'ਤੇ ਵੋਟ ਪਾਉਣਗੇ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਇਸ ਸਰਕਾਰ ਨੇ ਢਾਈ ਸਾਲ ਵਿੱਚ ਕੋਈ ਕੰਮ ਨਹੀਂ ਕੀਤਾ। ਜਦਕਿ ਅਕਾਲੀ ਦਲ ਅਤੇ ਭਾਜਪਾ ਅੱਜ ਹਾਸ਼ੀਏ ਤੇ ਹਨ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਧਰਮਾਂ - ਜਾਤਾਂ ਦੇ ਨਾਂ ਉੱਤੇ ਵੰਡਣ ਨਹੀਂ ਸਗੋਂ ਜੋੜਨ ਆਏ ਹਾਂ। ਅਸੀਂ ਭਾਈਚਾਰਕ ਏਕਤਾ ਬੁਲੰਦ ਰੱਖਣੀ ਹੈ ਅਤੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਰੋਕਣਾ ਹੈ।
ਇਸ ਮੌਕੇ ਕੌਂਸਲਰ ਰਾਮਦੇਵ ਸ਼ਰਮਾ , ਚਮਨ ਸੈਣੀ ਕੌਂਸਲਰ , ਹਰਮੋਹਣ ਸਿੰਘ, ਤੇਜਿੰਦਰ ਗੋਗ਼ੀਆ, ਇਕਬਾਲ ਸੈਣੀ, ਮਾਸਟਰ ਮੇਹਰ ਚੰਦ, ਜਸਪ੍ਰੀਤ ਸਿੰਘ ਲੱਕੀ ਕੌਂਸਲਰ, ਭੁਪਿੰਦਰ ਸ਼ਰਮਾ ਕੌਂਸਲਰ, ਬੰਟੀ ਰਾਣਾ ਕੌਂਸਲਰ , ਡਾ. ਸੁਨੀਲ ਕੌਂਸਲਰ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ।